ਬਰਤਾਨੀਆਂ ਦੀ ਰੀਪੋਰਟ ’ਚ ਪਹਿਲੀ ਵਾਰੀ ‘ਹਿੰਦੂ ਰਾਸ਼ਟਰਵਾਦੀ ਅਤਿਵਾਦ’ ਨੂੰ ਖਤਰਾ ਦਸਿਆ ਗਿਆ
ਰੀਪੋਰਟ ’ਚ ਖਾਲਿਸਤਾਨ ਸਮਰਥਕ ਵੀ ਸ਼ਾਮਲ
ਲੰਡਨ : ਬਰਤਾਨੀਆਂ ਸਰਕਾਰ ਦੀ ‘ਅਤਿਵਾਦ ਸਮੀਖਿਆ’ ਰੀਪੋਰਟ ’ਚ ਭਾਰਤੀ ਉਪ ਮਹਾਂਦੀਪ ’ਚ ਦੋ ਤਰ੍ਹਾਂ ਦੇ ਅਤਿਵਾਦ ਦੀ ਪਛਾਣ ਕੀਤੀ ਗਈ ਹੈ। ਖਾਲਿਸਤਾਨ ਸਮਰਥਕ ਅਤਿਵਾਦ ਅਤੇ ਹਿੰਦੂ ਰਾਸ਼ਟਰਵਾਦ ਅਤਿਵਾਦ ਨੂੰ ਖਤਰੇ ਵਜੋਂ ਉਜਾਗਰ ਕੀਤਾ ਗਿਆ ਹੈ। ਲੀਕ ਹੋਈ ਇਸ ਰੀਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅਜਿਹੀ ਸਮੀਖਿਆ ’ਚ ਪਹਿਲੀ ਵਾਰ ‘ਹਿੰਦੂ ਰਾਸ਼ਟਰਵਾਦ ਅਤਿਵਾਦ’ ਦਾ ਜ਼ਿਕਰ ਕੀਤਾ ਗਿਆ ਸੀ।
‘ਪਾਲਿਸੀ ਐਕਸਚੇਂਜ ਥਿੰਕ ਟੈਂਕ’ ਲਈ ਐਂਡਰਿਊ ਗਿਲੀਗਨ ਅਤੇ ਡਾ. ਪਾਲ ਸਕਾਟ ਵਲੋਂ ਲਿਖੀ ਗਈ ਰੀਪੋਰਟ ‘ਬਹੁਤ ਵਹਿਮੀ : ਸਰਕਾਰ ਦੀ ਨਵੀਂ ਅਤਿਵਾਦ ਵਿਰੋਧੀ ਸਮੀਖਿਆ ਪ੍ਰਗਟਾਵਾ’ ਇਸ ਹਫਤੇ ਦੇ ਸ਼ੁਰੂ ਵਿਚ ਜਾਰੀ ਕੀਤੀ ਗਈ ਸੀ। ਬਰਤਾਨੀਆਂ ਦੇ ਗ੍ਰਹਿ ਮੰਤਰਾਲੇ ਦੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਨੂੰ ਦਸਿਆ ਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਰੀਪੋਰਟ ਦਾ ਕਿਹੜਾ ਸੰਸਕਰਣ ਲੀਕ ਹੋਇਆ ਹੈ।
ਲੀਕ ਹੋਈ ਰੀਪੋਰਟ ਮੁਤਾਬਕ ਇਸ ’ਚ 9 ਤਰ੍ਹਾਂ ਦੇ ਅਤਿਵਾਦ ਦੀ ਸੂਚੀ ਦਿਤੀ ਗਈ ਹੈ: ਇਸਲਾਮਿਕ, ਕੱਟੜ ਸੱਜੇ ਪੱਖੀ, ਅਤਿ ਔਰਤ ਵਿਰੋਧੀ, ਖਾਲਿਸਤਾਨ ਪੱਖੀ ਅਤਿਵਾਦ, ਹਿੰਦੂ ਰਾਸ਼ਟਰਵਾਦੀ ਅਤਿਵਾਦ, ਵਾਤਾਵਰਣ ਅਤਿਵਾਦ, ਖੱਬੇਪੱਖੀ, ਅਰਾਜਕਤਾਵਾਦੀ ਅਤੇ ਸਿੰਗਲ ਮੁੱਦਾ ਅਤਿਵਾਦ (ਐੱਲ.ਏ.ਐੱਸ.ਆਈ.), ਹਿੰਸਾ ਅਤੇ ਸਾਜ਼ਸ਼ ਸਿਧਾਂਤ।
ਲੀਕ ਹੋਈ ਰੀਪੋਰਟ ਮੁਤਾਬਕ ਸੱਭ ਤੋਂ ਲੰਮੇ ਸੈਕਸ਼ਨ ਨੂੰ ‘ਅੰਡਰਸਟੈਂਡਿੰਗ’ ਵਿਸ਼ਾ ਦਿਤਾ ਗਿਆ ਹੈ। ਇਸ ਪੁਸਤਕ ਦੇ ਪੰਨਾ 17-18 ’ਚ ਦੋ ਕਿਸਮਾਂ ਦੇ ਅਤਿਵਾਦ ਦਾ ਜ਼ਿਕਰ ਕੀਤਾ ਗਿਆ ਹੈ ਜੋ ਭਾਰਤੀ ਉਪ-ਮਹਾਂਦੀਪ ’ਚ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਲਿਸਤਾਨ ਪੱਖੀ ਅਤਿਵਾਦ ਅਤੇ ਹਿੰਦੂ ਰਾਸ਼ਟਰਵਾਦੀ ਅਤਿਵਾਦ ਦਸਿਆ ਗਿਆ ਹੈ।
ਉਨ੍ਹਾਂ ਕਿਹਾ, ‘‘ਇਹ ਬਰਤਾਨੀਆਂ ਸਰਕਾਰ ਲਈ ਇਕ ਤਰਕਸੰਗਤ ਪਹੁੰਚ ਹੋਣੀ ਚਾਹੀਦੀ ਹੈ। ਹਾਲਾਂਕਿ, ਖਾਲਿਸਤਾਨ ਲਹਿਰ ਦੇ ਅੰਦਰ, ਅਜਿਹੇ ਲੋਕਾਂ ਦੀ ਭੂਮਿਕਾ ਵੱਧ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੇ ਨਾਲ ਹੀ ਮੁਸਲਿਮ ਭਾਈਚਾਰੇ ਵਿਰੁਧ ਜਿਸ ਸਰਗਰਮੀ ਨਾਲ ਨਕਾਰਾਤਮਕ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਖਾਸ ਕਰ ਕੇ ਬੱਚਿਆਂ ਦੇ ਜਿਨਸੀ ਸੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵੀ ਚਿੰਤਾ ਹੈ। ਨਾਲ ਹੀ ਬ੍ਰਿਟਿਸ਼ ਅਤੇ ਭਾਰਤੀ ਸਰਕਾਰਾਂ ਵਿਚਾਲੇ ਕਥਿਤ ਤਾਲਮੇਲ ਨੂੰ ਇਕ ਸਾਜ਼ਸ਼ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ।’’
ਰੀਪੋਰਟ ਵਿਚ ਮੰਨਿਆ ਗਿਆ ਹੈ ਕਿ ਵਿਦੇਸ਼ਾਂ ਵਿਚ ਭਾਰਤ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਚਿੰਤਾਵਾਂ ਹਨ, ਜਿਸ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਸਿੱਖਾਂ ਵਿਰੁਧ ਘਾਤਕ ਹਿੰਸਾ ਵਿਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਵੀ ਸ਼ਾਮਲ ਹਨ।
ਇਸ ਵਿਚ ਕਿਹਾ ਗਿਆ ਹੈ ਕਿ 2023 ਦੀ ਸੁਤੰਤਰ ਸਮੀਖਿਆ ਵਿਚ ਹਿੰਦੂ ਰਾਸ਼ਟਰਵਾਦੀ ਅਤਿਵਾਦ (ਜਿਸ ਨੂੰ ਹਿੰਦੂਤਵ ਵੀ ਕਿਹਾ ਜਾਂਦਾ ਹੈ) ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਅਤੇ ਇਸ ਨੂੰ ਇਕ ਗਲਤੀ ਦੇ ਤੌਰ ’ਤੇ ਵੇਖਿਆ ਜਾ ਸਕਦਾ ਹੈ। ਸਤੰਬਰ 2022 ਵਿਚ ਲੈਸਟਰ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਹੋਈ ਹਿੰਸਾ ਨੂੰ ਵੇਖਦੇ ਹੋਏ ਸਰਕਾਰ ਨੇ ਹਿੰਦੂ ਰਾਸ਼ਟਰਵਾਦੀ ਅਤਿਵਾਦ ਨੂੰ ਸੁਰਖੀਆਂ ਵਿਚ ਲਿਆਉਣਾ ਸਹੀ ਹੈ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲੈਸਟਰ ਵਿਚ ਮੁਸਲਿਮ ਅਤੇ ਹਿੰਦੂ ਦੋਹਾਂ ਭਾਈਚਾਰਿਆਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਤਣਾਅ ਦਾ ਮੌਕਾਪ੍ਰਸਤ ਢੰਗ ਨਾਲ ਫਾਇਦਾ ਉਠਾਉਣ ਅਤੇ ਸਥਾਨਕ ਭਾਈਚਾਰਿਆਂ ਵਿਚਾਲੇ ਨਫ਼ਰਤ ਭੜਕਾਉਣ ਵਿਚ ਅਹਿਮ ਭੂਮਿਕਾ ਨਿਭਾਈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ ਲੀਕ ਹੋਈ ਰੀਪੋਰਟ ਦੇ ਨਤੀਜਿਆਂ ਨੂੰ ਸੰਸਦ ਵਿਚ ਉਠਾਇਆ, ਜਿਸ ਵਿਚ ਵਿਰੋਧੀ ਧਿਰ ਦੇ ਆਗੂ ਕ੍ਰਿਸ ਫਿਲਿਪ ਨੇ ਅਤਿਵਾਦ ਦੇ ਵੱਖ-ਵੱਖ ਰੂਪਾਂ ਨਾਲ ਨਜਿੱਠਣ ਲਈ ਸਰਕਾਰ ਦੇ ਰਵੱਈਏ ’ਤੇ ਸਵਾਲ ਚੁੱਕੇ।