UK News: ਏ.ਆਈ ਨੂੰ ਲੈ ਕੇ ਬ੍ਰਿਟੇਨ ਦੇ ਹੇਠਲੇ ਸਦਨ ਦੇ ਸਪੀਕਰ ਨੇ ਭਾਰਤ ਤੋਂ ਸਿੱਖਣ ਦੀ ਦਿਤੀ ਸਲਾਹ
UK News: ਕਿਹਾ, ਭਾਰਤ ਤੋਂ ਸਿੱਖੋ ਕਿ ਕਿਵੇਂ ਏ.ਆਈ ਰਾਹੀਂ ਸੰਸਦੀ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ
ਭਾਰਤ ਦੇ ਲੋਕ ਸਭਾ ਸਪੀਕਰ ਬਿਰਲਾ ਦੇ ਬ੍ਰਿਟੇਨ ਦੌਰੇ ਨੇ ਖੋਲ੍ਹੀਆਂ ਸਾਡੀਆਂ ਅੱਖਾਂ : ਲਿੰਡਸੇ ਹੋਇਲ
UK News: ਬ੍ਰਿਟੇਨ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਲਿੰਡਸੇ ਹੋਇਲ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਅਪਣੀ ਸੰਸਦੀ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਵਿਚ ਭਾਰਤ ਦੀ ਬੇਮਿਸਾਲ ਤਰੱਕੀ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ।
ਹੋਇਲ ਨੇ ਇਹ ਗੱਲ ਲੰਡਨ ਦੇ ਇਤਿਹਾਸਕ ਗਿਲਡਹਾਲ ਵਿਖੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਹੋਇਲ ਨੇ ਮੰਗਲਵਾਰ ਸ਼ਾਮ ਨੂੰ ਭਾਰਤੀ ਹਾਈ ਕਮਿਸ਼ਨ ਦੁਆਰਾ ਆਯੋਜਤ ਸਾਲਾਨਾ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਲੋਕ ਸਭਾ ਸਪੀਕਰ ਓਮ ਬਿਰਲਾ ਦੀ ਹਾਲੀਆ ਬ੍ਰਿਟੇਨ ਫੇਰੀ ਦਾ ਹਵਾਲਾ ਦਿੰਦੇ ਹੋਏ, ਹੋਇਲ ਨੇ ਕਿਹਾ, ‘‘(ਬਿਰਲਾ ਦੀ) ਫੇਰੀ ਸਾਡੇ ਲਈ ਅੱਖਾਂ ਖੋਲ੍ਹਣ ਵਾਲੀ ਸੀ, ਖ਼ਾਸ ਕਰ ਕੇ ਜਦੋਂ ਅਸੀਂ ਸੁਣਿਆ ਕਿ ਭਾਰਤ ਏਆਈ ਦੀ ਵਰਤੋਂ ਵਿਚ ਮੋਹਰੀ ਹੈ। ਇਹ ਜਾਣ ਕੇ ਹੈਰਾਨੀ ਹੋਈ ਕਿ ਏਆਈ ਤੁਹਾਡੀ ਸੰਸਦ ਵਿਚ ਇਕੋ ਸਮੇਂ 22 ਭਾਸ਼ਾਵਾਂ ਦਾ ਅਨੁਵਾਦ ਕਰਦਾ ਹੈ। ਜਿਵੇਂ ਕਿ ਮੈਂ ਤੁਹਾਡੇ ਮਾਨਯੋਗ ਸਪੀਕਰ ਨੂੰ ਕਿਹਾ ਸੀ, ਅਸੀਂ ਇਹ ਪਤਾ ਲਗਾਉਣ ਲਈ ਇਕੱਠੇ ਕੰਮ ਕਰਨਾ ਚਾਹੁੰਦੇ ਹਾਂ ਕਿ ਏਆਈ ਸਾਡੀਆਂ ਸੰਸਦੀ ਪ੍ਰਕਿਰਿਆਵਾਂ ਨੂੰ ਕਿਵੇਂ ਸੁਧਾਰ ਸਕਦਾ ਹੈ।’’