ਹੀਰੋਸ਼ਿਮਾ 'ਤੇ ਪ੍ਰਮਾਣੂ ਬੰਬ ਹਮਲੇ ਦੀ 72ਵੀਂ ਵਰ੍ਹੇਗੰਢ ਮਨਾਈ
ਹੀਰੋਸ਼ਿਮਾ 'ਤੇ ਪ੍ਰਮਾਣੂ ਬੰਬ ਹਮਲੇ ਦੀ 72ਵੀਂ ਵਰ੍ਹੇਗੰਢ ਮੌਕੇ ਜਾਪਾਨ ਦਾ ਪ੍ਰਮਾਣੂ ਹਥਿਆਰਾਂ ਬਾਰੇ ਅੰਤਰ ਵਿਰੋਧ ਇਕ ਵਾਰ ਫਿਰ ਉਭਰ ਕੇ ਸਾਹਮਣੇ ਆਇਆ ਹੈ।
ਟੋਕਿਉ, 6 ਅਗੱਸਤ : ਹੀਰੋਸ਼ਿਮਾ 'ਤੇ ਪ੍ਰਮਾਣੂ ਬੰਬ ਹਮਲੇ ਦੀ 72ਵੀਂ ਵਰ੍ਹੇਗੰਢ ਮੌਕੇ ਜਾਪਾਨ ਦਾ ਪ੍ਰਮਾਣੂ ਹਥਿਆਰਾਂ ਬਾਰੇ ਅੰਤਰ ਵਿਰੋਧ ਇਕ ਵਾਰ ਫਿਰ ਉਭਰ ਕੇ ਸਾਹਮਣੇ ਆਇਆ ਹੈ। ਜੁਲਾਈ 'ਚ ਜਾਪਾਨ ਪ੍ਰਮਾਣੂ ਹਥਿਆਰਾਂ 'ਤੇ ਪਾਬੰਦੀ ਲਗਾਉਣ ਵਾਲੇ ਸੰਯੁਕਤ ਰਾਸ਼ਟਰ ਦੇ ਇਕ ਸਮਝੌਤੇ ਨੂੰ ਰੱਦ ਕਰਨ 'ਚ ਬ੍ਰਿਟੇਨ, ਫਰਾਂਸ ਅਤੇ ਅਮਰੀਕਾ ਦੇ ਨਾਲ ਸ਼ਾਮਲ ਹੋਇਆ ਸੀ। ਜਾਪਾਨ ਦੁਨੀਆਂ ਦਾ ਇਕਲੌਤਾ ਦੇਸ਼ ਹੈ, ਜਿਸ 'ਤੇ ਪ੍ਰਮਾਣੂ ਬੰਬ ਸੁੱਟੇ ਗਏ ਸਨ। ਉਸ 'ਤੇ 1945 'ਚ ਅਮਰੀਕਾ ਨੇ ਪ੍ਰਮਾਣੂ ਹਮਲਾ ਕੀਤਾ ਸੀ।
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਜੋ ਆਬੇ ਨੇ ਹਿਰੋਸ਼ਿਮਾ ਸ਼ਾਂਤੀ ਸਮਾਰਕ ਪਾਰਕ 'ਚ ਆਯੋਜਿਤ ਸਾਲਾਨਾ ਸਮਾਗਮ 'ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜਾਪਾਨ ਨੂੰ ਉਮੀਦ ਸੀ ਕਿ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਦੁਨੀਆਂ ਲਈ ਅਜਿਹਾ ਕਦਮ ਚੁਕਿਆ ਜਾਵੇਗਾ, ਜਿਸ ਨਾਲ ਸਾਰੇ ਦੇਸ਼ ਸਹਿਮਤ ਹੋਣਗੇ। ਆਬੇ ਨੇ ਕਿਹਾ, ''ਪ੍ਰਮਾਣੂ ਹਥਿਆਰਾਂ ਤੋਂ ਮੁਕਤ ਦੁਨੀਆਂ ਦੇ ਨਿਰਮਾਣ ਲਈ ਸਾਨੂੰ ਪ੍ਰਮਾਣੂ ਹਥਿਆਰ ਸੰਪੰਨ ਅਤੇ ਪ੍ਰਮਾਣੂ ਹਥਿਆਰ ਨਾ ਰੱਖਣ ਵਾਲੇ ਦੇਸ਼ ਦੋਨਾਂ ਦੀ ਭਾਗੀਦਾਰੀ ਦੀ ਲੋੜ ਹੈ।'' ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸਮਝੌਤੇ ਦੀ ਸਿੱਧੇ ਚਰਚਾ ਕੀਤੇ ਬਗੈਰ ਕਿਹਾ ਕਿ ਪ੍ਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਦੀ ਦਿਸ਼ਾ 'ਚ ਕੰਮ ਕਰਨ ਲਈ ਸਾਡਾ ਦੇਸ਼ ਦੋਨਾਂ ਪੱਖਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹੈ।
ਜਾਪਾਨੀ ਅਧਿਕਾਰੀਆਂ ਨੇ ਸੰਯੁਕਤ ਰਾਸ਼ਟਰ ਪ੍ਰਮਾਣੂ ਹਥਿਆਰ ਪਾਬੰਦੀ ਸਮਝੌਤੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਮਾਣੂ ਹਥਿਆਰ ਸੰਪੰਨ ਦੇਸ਼ਾਂ ਅਤੇ ਪ੍ਰਮਾਣੂ ਹਥਿਆਰ ਨਾ ਰੱਖਣ ਵਾਲੇ ਦੇਸ਼ਾਂ ਵਿਚਕਾਰ ਦੂਰੀਆਂ ਵੱਧ ਰਹੀਆਂ ਹਨ।
ਪੀਸ ਮੈਮੋਰੀਅਲ ਪਾਰਕ 'ਚ ਆਯੋਜਿਤ ਇਸ ਸਾਲਾਨਾ ਪ੍ਰੋਗਰਾਮ 'ਚ ਪ੍ਰਮਾਣੂ ਹਮਲੇ ਵਿਚ ਜ਼ਿੰਦਾ ਬਚੇ ਲੋਕਾਂ, ਉਨ੍ਹਾਂ ਦੇ ਸਕੇ-ਸਬੰਧੀਆਂ, ਸ਼ਾਂਤੀ ਕਾਰਕੁਨਾਂ ਅਤੇ ਲਗਭਗ 80 ਦੇਸ਼ਾਂ ਦੇ ਵਫ਼ਦ ਮੈਂਬਰਾਂ ਸਮੇਤ 50 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। (ਪੀਟੀਆਈ)