'ਰੂਹ ਪੰਜਾਬ ਦੀ' ਸਭਿਆਚਾਰਕ ਅਖਾੜੇ 'ਚ ਧਮਾਲਾਂ ਪਈਆਂ
ਪਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਪੰਜਾਬੀ ਗਾਇਕੀ ਦਾ ਸਭਿਆਚਾਰਕ ਅਖਾੜਾ 'ਰੂਹ ਪੰਜਾਬ ਦੀ' ਸਰਪੰਚ ਗਰੁੱਪ ਦੇ ਬੈਨਰ ਹੇਠ ਪਲੈਟੀਨਮ ਬਲੂ ਵੈਸਟਮਨਿਸਟਰ 'ਚ ਲਗਾਇਆ ਗਿਆ..
ਪਰਥ, 7 ਅਗੱਸਤ (ਪਿਆਰਾ ਸਿੰਘ ਪਰਥ) : ਪਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਪੰਜਾਬੀ ਗਾਇਕੀ ਦਾ ਸਭਿਆਚਾਰਕ ਅਖਾੜਾ 'ਰੂਹ ਪੰਜਾਬ ਦੀ' ਸਰਪੰਚ ਗਰੁੱਪ ਦੇ ਬੈਨਰ ਹੇਠ ਪਲੈਟੀਨਮ ਬਲੂ ਵੈਸਟਮਨਿਸਟਰ 'ਚ ਲਗਾਇਆ ਗਿਆ, ਜਿਸ 'ਚ ਸਥਾਨਕ ਪੰਜਾਬੀ ਭਾਈਚਾਰਾ ਪਰਵਾਰਾਂ ਨਾਲ ਪਹੁੰਚਿਆ। ਇਸ ਮੌਕੇ ਬਰਟਰਮ ਪੰਜਾਬੀ ਕਲੱਬ ਪ੍ਰਧਾਨ ਜੱਗਾ ਚੌਹਾਨ ਨੇ ਸਾਥੀਆਂ ਸਮੇਤ ਹਾਜ਼ਰੀ ਲਵਾਈ।
ਅਖਾੜੇ ਦੀ ਸ਼ੁਰੂਆਤ ਨੌਜਵਾਨ ਗਾਇਕ ਤੇ ਫ਼ਿਲਮੀ ਅਦਾਕਾਰ ਜਸ਼ਨ ਨੇ ਚਰਚਿਤ ਗੀਤਾਂ ਨਾਲ ਕੀਤੀ। ਗਾਇਕ ਜੱਸ ਸਿੱਧੂ ਨੇ ਵਧੀਆ ਮਹੌਲ ਸਿਰਜਿਆ। ਪੰਜਾਬੀ ਗਾਇਕੀ ਦੇ ਬਾਬਾ ਬੋਹੜ ਹਰਦੀਪ ਪਟਿਆਲ਼ਾ ਨੇ ਅਪਣੇ ਸਦਾਬਹਾਰ ਗੀਤ 'ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨਿਆਰੇ' ਨਾਲ ਕੀਤੀ। ਦਰਸ਼ਕਾਂ ਨੇ ਹਰਦੀਪ ਦੀ ਸ਼ਾਫ-ਸੁਥਰੀ ਗਾਇਕੀ ਨੂੰ ਬਹੁਤ ਪਿਆਰ ਦਿਤਾ। ਸੁਰਜੀਤ ਭੁੱਲਰ ਤੇ ਮਾਹੀ ਮਾਨ ਦੀ ਦੋਗਾਣਾ ਜੋੜੀ ਨੇ ਚਰਚਿਤ ਗੀਤ 'ਬਾਠਿੰਡਾ ਬੀਕਾਨੇਰ ਹੋ ਗਿਆ' ਨਾਲ ਸ਼ੁਰੂਆਤ ਕੀਤੀ ਅਤੇ ਪੰਜਾਬ 'ਚ ਲੱਗਦੇ ਖੁੱਲੇ ਪੇਂਡੂ ਅਖਾੜਿਆ ਦੀ ਯਾਦ ਤਾਜਾ ਕਰਵਾਈ। ਬੁਲੰਦ ਅਵਾਜ਼ ਗਾਇਕ ਨਛੱਤਰ ਗਿੱਲ ਨੇ ਜਿਵੇਂ ਹੀ ਅਰਦਾਸ ਫ਼ਿਲਮ ਦਾ ਗੀਤ 'ਦਾਤਾ ਜੀ' ਗਾਇਆ ਤਾਂ ਸਟੇਜ ਦਾ ਮਾਹੌਲ ਇਕਦਮ ਸ਼ਾਤ ਤੇ ਭਾਵੁਕ ਹੋ ਗਿਆ। ਅਖੀਰ ਵਿਚ ਉੱਭਰਦੇ ਗਾਇਕ ਰਾਜਵੀਰ ਜਵੰਧਾ ਦੀ ਗਾਇਕੀ ਤੇ ਗੱਭਰੂਆਂ ਤੇ ਮੁਟਿਆਰਾਂ ਨੇ ਖ਼ੂਬ ਭੰਗੜਾ ਪਾਇਆ।
ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਾਕਾ ਬੈਨੀਪਾਲ ਨੇ ਨਿਭਾਈ। ਅੰਤ 'ਚ ਬੇਅੰਤ ਸਿੰਘ ਵੜੈਚ ਪ੍ਰਧਾਨ ਸਰਪੰਚ ਗਰੁੱਪ ਤੇ ਸਾਥੀਆਂ ਨੇ ਆਏ ਕਲਾਕਾਰਾਂ ਨੂੰ ਸਨਮਾਨਤ ਕੀਤਾ ਅਤੇ ਪਹੁੰਚੇ ਪੰਜਾਬੀ ਭਾਈਚਾਰੇ ਦਾ ਧਨਵਾਦ ਕੀਤਾ।