ਭਾਰਤੀਆਂ ਨੂੰ ਪਹੁੰਚ ਕਾਰਡ ਭਰਨ ਦੀ ਲਾਜ਼ਮੀ ਪ੍ਰਣਾਲੀ ਤੋਂ ਮਿਲੇਗੀ ਛੋਟ
ਬ੍ਰਿਟੇਨ ਪਹੁੰਚਣ ਵਾਲੇ ਭਾਰਤੀਆਂ ਅਤੇ ਹੋਰਨਾਂ ਗ਼ੈਰ-ਯੂਰਪੀ ਸੰਘ ਦੇ ਯਾਤਰੀਆਂ ਲਈ ਲੈਂਡਿੰਗ (ਪਹੁੰਚ) ਕਾਰਡ ਭਰਨ ਦੀ ਲਾਜ਼ਮੀ ਪ੍ਰਣਾਲੀ ਨੂੰ ਛੇਤੀ ਹੀ ਖ਼ਤਮ ਕਰ ਦਿਤਾ..
ਲੰਦਨ, 7 ਅਗੱਸਤ (ਹਰਜੀਤ ਸਿੰਘ ਵਿਰਕ) : ਬ੍ਰਿਟੇਨ ਪਹੁੰਚਣ ਵਾਲੇ ਭਾਰਤੀਆਂ ਅਤੇ ਹੋਰਨਾਂ ਗ਼ੈਰ-ਯੂਰਪੀ ਸੰਘ ਦੇ ਯਾਤਰੀਆਂ ਲਈ ਲੈਂਡਿੰਗ (ਪਹੁੰਚ) ਕਾਰਡ ਭਰਨ ਦੀ ਲਾਜ਼ਮੀ ਪ੍ਰਣਾਲੀ ਨੂੰ ਛੇਤੀ ਹੀ ਖ਼ਤਮ ਕਰ ਦਿਤਾ ਜਾਵੇਗਾ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਕਹਿਣਾ ਹੈ ਕਿ ਬਾਰਡਰ ਪ੍ਰਬੰਧਨ ਦੀ ਪ੍ਰਕਿਰਿਆ ਦੇ ਡਿਜ਼ੀਟਲੀਕਰਣ ਦੇ ਤਹਿਤ ਇਹ ਪਹਿਲ ਕੀਤੀ ਜਾ ਰਹੀ ਹੈ।
ਹਰ ਸਾਲ ਭਾਰਤ ਸਮੇਤ ਹੋਰਨਾਂ ਗ਼ੈਰ-ਕਾਨੂੰਨੀ ਸੰਘ ਦੇਸ਼ਾਂ ਤੋਂ ਆਉਣ ਵਾਲੇ ਲਗਭਗ 1.6 ਕਰੋੜ ਅੰਤਰ-ਰਾਸ਼ਟਰੀ ਯਾਤਰੀ ਇਹ ਲੈਂਡਿੰਗ ਕਾਰਡ ਭਰਦੇ ਹਨ। ਮੰਤਰਾਲੇ ਨੇ ਪ੍ਰਸਤਾਵਾਂ 'ਚ ਕਿਹਾ ਹੈ ਕਿ ਇਹ ਕਾਰਡ ਭਰਨ ਦੀ ਕਾਗਜ਼ੀ ਪ੍ਰਣਾਲੀ ਨਾਲ ਬ੍ਰਿਟੇਨ ਦੀ ਜਨਤਾ 'ਤੇ ਹਰ ਸਾਲ 46 ਲੱਖ ਡਾਲਰ ਦਾ ਬੋਝ ਪੈਂਦਾ ਹੈ। ਯੂ.ਕੇ. ਬਾਰਡਰ ਫੋਰਸ ਦੀ ਮੌਜੂਦਾ ਡਿਜ਼ੀਟਲ ਪਹਿਲ ਦੇ ਤਹਿਤ ਇਸ ਨੂੰ ਬਦਲਿਆ ਜਾਵੇਗਾ।
ਇਮੀਗ੍ਰੇਸ਼ਨ ਮੰਤਰੀ ਬ੍ਰੇਂਡਨ ਲੇਵਿਸ ਦਾ ਕਹਿਣਾ ਹੈ ਕਿ ਬਾਰਡਰ ਸੁਰੱਖਿਆ ਕਰਮਚਾਰੀਆਂ ਵਲੋਂ ਪੁਰਾਣੀ ਕਾਗਜ਼ੀ ਕਾਰਵਾਈ ਦੇ ਇਸਤੇਮਾਲ ਨੂੰ ਰੋਕਣ ਲਈ ਤਕਨਾਲੋਜੀ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ।