ਨਿਊਜਰਸੀ 'ਚ ਸਿੱਖਾਂ ਨੂੰ ਵੱਡਾ ਮਾਣ, ਅਪ੍ਰੈਲ ਮਹੀਨੇ ਨੂੰ 'ਸਿੱਖ ਜਾਗਰੂਕਤਾ ਮਹੀਨਾ' ਐਲਾਨਿਆ
ਬਰਤਾਨੀਆ ਦੀ ਸੰਸਦ ਵਿਚ ਬੀਤੇ ਦਿਨ 'ਦਸਤਾਰ ਦਿਵਸ' ਮਨਾਏ ਜਾਣ ਤੋਂ ਬਾਅਦ ਸਿੱਖਾਂ ਨੂੰ ਲੈ ਕੇ ਪੂਰੀ ਦੁਨੀਆਂ ਵਿਚ ਵੱਡਾ ਸੰਦੇਸ਼ ਗਿਆ ਹੈ। ਹੁਣ ਅਮਰੀਕਾ ਦੇ
ਵਾਸ਼ਿੰਗਟਨ : ਬਰਤਾਨੀਆ ਦੀ ਸੰਸਦ ਵਿਚ ਬੀਤੇ ਦਿਨ 'ਦਸਤਾਰ ਦਿਵਸ' ਮਨਾਏ ਜਾਣ ਤੋਂ ਬਾਅਦ ਸਿੱਖਾਂ ਨੂੰ ਲੈ ਕੇ ਪੂਰੀ ਦੁਨੀਆਂ ਵਿਚ ਵੱਡਾ ਸੰਦੇਸ਼ ਗਿਆ ਹੈ। ਹੁਣ ਅਮਰੀਕਾ ਦੇ ਨਿਊਜਰਸੀ ਵਿਚ ਵੀ ਸਿੱਖਾਂ ਨੂੰ ਵੱਡਾ ਮਾਣ ਹਾਸਲ ਹੋਇਆ ਹੈ। ਡੇਲਾਵੇਰ ਤੋਂ ਬਾਅਦ ਅਮਰੀਕੀ ਸੂਬੇ ਨਿਊਜਰਸੀ ਨੇ ਵੀ ਅਪ੍ਰੈਲ ਮਹੀਨੇ ਨੂੰ 'ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ' ਦੇ ਰੂਪ ਵਿਚ ਐਲਾਨ ਕੀਤਾ ਹੈ।
ਇਸ ਦਾ ਮਕਸਦ ਸਿੱਖਾਂ ਨੂੰ ਲੈ ਕੇ ਲੋਕਾਂ ਵਿਚਕਾਰ ਜਾਗਰੂਕਤਾ ਲਿਆਉਣਾ ਹੈ। ਨਿਊਜਰਸੀ ਦੀ ਵਿਧਾਨ ਸਭਾ ਨੇ ਇਸ ਹਫ਼ਤੇ ਇਕ ਸਾਂਝਾ ਪ੍ਰਸਤਾਵ ਪਾਸ ਕਰ ਕੇ ਕਿਹਾ ਕਿ ਇਹ ਸਿੱਖਾਂ ਪ੍ਰਤੀ ਵਧਦੀ ਨਫ਼ਰਤ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਇਕ ਛੋਟੀ ਜਿਹੀ ਕੋਸ਼ਿਸ਼ ਹੈ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਨਿਊਜਰਸੀ ਵਿਚ ਹਰ ਸਾਲ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਦੇ ਰੂਪ ਵਿਚ ਮਨਾਇਆ ਜਾਏਗਾ।
ਇਸ ਨਾਲ ਲੋਕਾਂ ਵਿਚ ਸਿੱਖ ਪੰਥ ਦੇ ਪ੍ਰਤੀ ਜਾਗਰੂਕਤਾ ਵਧੇਗੀ, ਸਿੱਖਾਂ ਦੇ ਯੋਗਦਾਨ ਬਾਰੇ ਲੋਕਾਂ ਨੂੰ ਪਤਾ ਲੱਗੇਗਾ ਅਤੇ ਉਨ੍ਹਾਂ ਲਈ ਪੈਦਾ ਹੋਈਆਂ ਗ਼ਲਤ ਭਾਵਨਾਵਾਂ ਨੂੰ ਦੂਰ ਕਰਨ 'ਚ ਮਦਦ ਮਿਲੇਗੀ। ਨਿਊਜਰਸੀ ਦੇ ਵਿਧਾਨ ਮੰਡਲ ਦੇ ਦੋਵਾਂ ਸਦਨਾਂ ਨੇ ਆਮ ਸਹਿਮਤੀ ਨਾਲ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿਤੀ ਹੈ।
ਦਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਡੋਲਾਵੇਰ ਸੂਬੇ ਵਿਚ ਧਾਰਮਿਕ ਰੂਪ ਨਾਲ ਘੱਟ-ਗਿਣਤੀ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਅਪ੍ਰੈਲ ਮਹੀਨੇ ਨੂੰ 'ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ' ਐਲਾਨ ਕੀਤਾ ਗਿਆ ਸੀ। ਇਸ ਪੂਰੇ ਮਹੀਨੇ ਲੋਕਾਂ ਨੂੰ ਸਿੱਖ ਪੰਥ ਅਤੇ ਉਸ ਦੇ ਮਹੱਤਵ ਨਾਲ ਜੁੜੀ ਹੋਰ ਜਾਣਕਾਰੀ ਦਿੱਤੀ ਜਾਏਗੀ।