ਪਾਕਿਸਤਾਨ : 20 ਸਾਲ 'ਚ ਪਹਿਲੀ ਵਾਰ ਹਿੰਦੂ ਬਣਿਆ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ 'ਚ ਨਵੇਂ ਮੰਤਰੀ ਮੰਡਲ ਨੇ ਸ਼ੁਕਰਵਾਰ ਨੂੰ ਸਹੁੰ ਚੁੱਕ ਲਈ। ਅੱਬਾਸੀ ਮੰਤਰੀ ਮੰਡਲ 'ਚ ਕੁਝ ਪੁਰਾਣੇ ਚਿਹਰਿਆਂ ਨੇ ਵਾਪਸੀ ਕੀਤੀ ਹੈ। ਉਥੇ ਹੀ ਕੁਝ ਨਵੇਂ ਚਿਹਰੇ ਵੀ

Darshan Lal

ਇਸਲਾਮਾਬਾਦ, 5 ਅਗੱਸਤ : ਪਾਕਿਸਤਾਨ 'ਚ ਨਵੇਂ ਮੰਤਰੀ ਮੰਡਲ ਨੇ ਸ਼ੁਕਰਵਾਰ ਨੂੰ ਸਹੁੰ ਚੁੱਕ ਲਈ। ਅੱਬਾਸੀ ਮੰਤਰੀ ਮੰਡਲ 'ਚ ਕੁਝ ਪੁਰਾਣੇ ਚਿਹਰਿਆਂ ਨੇ ਵਾਪਸੀ ਕੀਤੀ ਹੈ। ਉਥੇ ਹੀ ਕੁਝ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ। ਇਸ ਦੌਰਾਨ 20 ਸਾਲ 'ਚ ਪਹਿਲੀ ਵਾਰ ਪਾਕਿਸਤਾਨ 'ਚ ਕੋਈ ਹਿੰਦੂ ਮੰਤਰੀ ਬਣਿਆ ਹੈ।
ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਦੇ 46 ਮੈਂਬਰੀ ਮੰਤਰੀ ਮੰਡਲ 'ਚੋਂ 44 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ। ਸਹੁੰ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਚੁਕਾਈ। ਇਸ ਦੌਰਾਨ ਇਕ ਹਿੰਦੂ ਮੰਤਰੀ ਨੇ ਵੀ ਸਹੁੰ ਚੁੱਕੀ। ਪਾਕਿਸਤਾਨ 'ਚ ਪਿਛਲੇ 20 ਸਾਲ 'ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਹਿੰਦੂ ਨੂੰ ਮੰਤਰੀ ਬਣਾਇਆ ਹੈ।
ਇਸ ਨਵੇਂ ਮੰਤਰੀ ਮੰਡਲ 'ਚ 28 ਸੰਘੀ ਤੇ 18 ਸੂਬਾ ਮੰਤਰੀ ਹਨ। ਇਕ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਹਿੰਦੂ ਮੰਤਰੀ ਦਰਸ਼ਨ ਲਾਲ ਨੂੰ ਚਾਰ ਪਾਕਿਸਤਾਨੀ ਸੂਬਿਆਂ ਵਿਚਕਾਰ ਤਾਲਮੇਲ ਦੀ ਜ਼ਿੰਮੇਵਾਰੀ ਦਿਤੀ ਗਈ ਹੈ। 65 ਸਾਲਾ ਦਰਸ਼ਨ ਲਾਲ ਸਿੰਧ ਦੇ ਘੋਟਕੀ ਜ਼ਿਲ੍ਹੇ ਦੇ ਮੀਰਪੁਰ ਮੈਥੇਲੋ ਸ਼ਹਿਰ 'ਚ ਡਾਕਟਰ ਹਨ। ਸਾਲ 2013 'ਚ ਉਹ ਦੂਜੀ ਵਾਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਟਿਕਟ 'ਤੇ ਘੱਟਗਿਣਤੀਆਂ ਲਈ ਰਾਖਵੀਂ ਸੀਟ ਤੋਂ ਨੈਸ਼ਨਲ ਅਸੈਂਬਲੀ ਲਈ ਚੁਣੇ ਗਏ ਸਨ।
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ 'ਚ ਰੱਖਿਆ ਮੰਤਰੀ ਰਹੇ ਖਵਾਜਾ ਮੁਹੰਮਦ ਆਸਿਫ ਨਵੇਂ ਵਿਦੇਸ਼ ਮੰਤਰੀ ਹੋਣਗੇ। 2013 'ਚ ਪੀਐਮਐਲ-ਐਨ ਦੇ ਸੱਤਾ 'ਚ ਆਉਣ ਤੋਂ ਬਾਅਦ ਪਾਕਿਸਤਾਨ 'ਚ ਕੋਈ ਪੂਰਨ ਵਿਦੇਸ਼ ਮੰਤਰੀ ਨਹੀਂ ਸੀ। ਸਾਬਕਾ ਯੋਜਨਾ ਮੰਤਰੀ ਅਹਿਸਾਨ ਇਕਬਾਲ ਅੰਦਰੂਨੀ ਮੰਤਰਾਲੇ ਦਾ ਚਾਰਜ ਸੰਭਾਲਣਗੇ। ਅੰਤਮ ਵਿਦੇਸ਼ ਮੰਤਰੀ ਹੀਨਾ ਰੱਬਾਨੀ ਖਾਰ ਸਨ, ਜਿਨ੍ਹਾਂ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੀ ਪਿਛਲੀ ਸਰਕਾਰ 'ਚ ਅਪਣੀਆਂ ਸੇਵਾਵਾਂ ਦਿਤੀਆਂ ਸਨ। ਨਵਾਜ਼ ਸਰਕਾਰ 'ਚ ਸਰਤਾਜ ਅਜੀਜ ਵਿਦੇਸ਼ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਕਿਉਂਕਿ ਉਹ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਵਿਸ਼ੇਸ਼ ਸਲਾਹਕਾਰ ਸਨ।
ਆਸਿਫ ਤੋਂ ਇਲਾਵਾ ਸਾਬਕਾ ਯੋਜਨਾ ਮੰਤਰੀ ਅਹਿਸਾਨ ਇਕਬਾਲ ਮੁੱਖ ਰੂਪ ਤੋਂ ਗ੍ਰਹਿ ਮੰਤਰਾਲਾ ਦਾ ਕਾਰਜ ਭਾਰ ਸੰਭਾਲਣਗੇ, ਜੋ ਪਹਿਲਾਂ ਚੌਧਰੀ ਨਿਸਾਰ ਅਲੀ ਖਾਨ ਕੋਲ ਸੀ।  ਸ਼ਰੀਫ਼ ਦੇ ਮੰਤਰੀ ਮੰਡਲ 'ਚ ਗ੍ਰਹਿ ਮੰਤਰੀ ਰਹਿ ਚੁਕੇ ਸੀਨੀਅਰ ਪਾਰਟੀ ਨੇਤਾ ਚੌਧਰੀ ਨਿਸਾਰ ਨੇ 1 ਅਗੱਸਤ ਨੂੰ ਗਠਤ ਹੋਈ ਨਵੀਂ ਸਰਕਾਰ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿਤਾ ਹੈ। ਇਸ਼ਹਾਕ ਡਾਰ ਵਿੱਤ ਮੰਤਰੀ ਹੋਣਗੇ, ਜਦਕਿ ਪਰਵੇਜ਼ ਮਲਿਕ ਨਵੇਂ ਵਣਜ ਮੰਤਰੀ ਬਣਾਏ ਗਏ ਹਨ। (ਪੀਟੀਆਈ)