ਟਰਬਨ ਐਂਡ ਟਰੱਸਟ ਸੰਸਥਾ ਨੇ ਸਿੱਖੀ ਕਕਾਰਾਂ ਬਾਰੇ ਜਾਗਰੂਕ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦਖਣੀ ਆਸਟ੍ਰੇਲੀਆ ਵਿਚ ਸੰਸਥਾ ਟਰਬਨ ਐਂਡ ਟਰੱਸਟ ਆਫ਼ ਸਾਊਥ ਆਸਟ੍ਰੇਲੀਆ ਵਲੋਂ ਹਸਪਤਾਲਾਂ ਤੇ ਸਕੂਲਾਂ ਦੇ ਮੁਲਾਜ਼ਮਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ

Turban and trust organisation

ਪਰਥ, 5 ਅਗੱਸਤ (ਪਿਆਰਾ ਸਿੰਘ ਨਾਭਾ) : ਦਖਣੀ ਆਸਟ੍ਰੇਲੀਆ ਵਿਚ ਸੰਸਥਾ ਟਰਬਨ ਐਂਡ ਟਰੱਸਟ ਆਫ਼ ਸਾਊਥ ਆਸਟ੍ਰੇਲੀਆ ਵਲੋਂ ਹਸਪਤਾਲਾਂ ਤੇ ਸਕੂਲਾਂ ਦੇ ਮੁਲਾਜ਼ਮਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਅਰੰਭ ਕੀਤੇ ਗਏ ਹਨ, ਜਿਸ ਤਹਿਤ ਸੰਸਥਾ ਵਲੋਂ ਕੈਂਸਰ ਕੌਂਸਲ ਆਫ਼ ਸਾਊਥ ਆਸਟ੍ਰੇਲੀਆ ਦੇ ਅਧਿਕਾਰੀਆਂ ਨੂੰ ਡਿਜ਼ੀਟਲ ਵੀਡੀਉ ਵਿਖਾ ਕੇ ਅੰਮ੍ਰਿਤਧਾਰੀ ਸਿੱਖਾਂ ਦੀ ਪਛਾਣ ਕਰਾਈ ਗਈ ਅਤੇ ਅੰਮ੍ਰਿਤਧਾਰੀ ਸਿੱਖਾਂ ਵਲੋਂ ਧਾਰਨ ਕੀਤੇ ਜਾਂਦੇ ਪੰਜ ਕਕਾਰਾਂ ਬਾਰੇ ਜਾਗਰੂਕ ਕੀਤਾ ਗਿਆ।
ਸਿੱਖ ਸੰਸਥਾ ਦੇ ਨੁਮਾਇੰਦਿਆਂ ਨੇ ਦਸਿਆ ਕਿ ਆਸਟ੍ਰੇਲੀਆ 'ਚ ਸਕੂਲਾਂ ਹਸਪਤਾਲਾਂ ਅਤੇ ਸਰਕਾਰ ਦੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਅੰਮ੍ਰਿਤਧਾਰੀ ਸਿੱਖਾਂ ਵਲੋਂ ਪਹਿਨੇ ਗਏ ਪੰਜ ਕਕਾਰਾਂ ਪ੍ਰਤੀ ਜਾਣਕਾਰੀ ਨਾ ਹੋਣ ਕਾਰਨ ਅੰਮ੍ਰਿਤਧਾਰੀ ਸਿੱਖਾਂ ਨੂੰ ਅਪਣਾ ਇਲਾਜ ਕਰਾਉਣ ਸਮੇਂ ਅਤੇ ਸਕੂਲਾਂ 'ਚ ਕੇਸਧਾਰੀ ਬੱਚਿਆਂ ਨੂੰ ਦਾਖ਼ਲੇ ਵੇਲੇ ਅਨੇਕਾਂ ਪ੍ਰੇਸ਼ਾਨੀਆਂ ਆਉਦੀਆਂ ਹਨ, ਜਿਸ ਕਾਰਨ ਸਿੱਖ ਸੰਸਥਾ ਵਲੋਂ ਸਾਊਥ ਆਸਟ੍ਰੇਲੀਆ ਦੇ ਸਕੂਲਾਂ, ਜਨਤਕ ਥਾਵਾਂ ਅਤੇ ਖਾਸ ਤੌਰ 'ਤੇ ਹਸਪਤਾਲਾਂ ਵਿਚ ਕੰਮ ਕਰਦੇ ਮੁਲਾਜਮਾਂ ਨੂੰ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਜਿਹੇ ਕੈਂਪ ਲਗਾ ਕੇ ਸਿੱਖ ਧਰਮ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।
ਇਸ ਮੌਕੇ ਸੰਸਥਾ ਦੇ ਨੁਮਾਇੰਦਿਆਂ ਵਲੋਂ ਆਸਟ੍ਰੇਲੀਅਨਾਂ ਦੇ ਸਿਰਾਂ 'ਤੇ ਦਸਤਾਰਾਂ ਵੀ ਸਜਾਈਆਂ ਗਈਆਂ ਅਤੇ ਸਿੱਖ ਇਤਿਹਾਸ ਸਬੰਧੀ ਅੰਗਰੇਜ਼ੀ ਭਾਸ਼ਾ 'ਚ ਪ੍ਰਿੰਟ ਸਮਗਰੀ ਵੀ ਵੰਡੀ ਗਈ।