ਅਸੀਂ ਸਰਹੱਦ 'ਤੇ ਸ਼ਾਂਤੀ ਚਾਹੁੰਦੇ ਹਾਂ, ਪਰ ਭਾਰਤ ਤਿਆਰ ਨਹੀਂ : ਪਾਕਿ ਵਿਦੇਸ਼ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ਵਾਜਾ ਆਸਿਫ ਨੇ ਕਸ਼ਮੀਰ ਮੁੱਦੇ 'ਤੇ ਗੱਲਬਾਤ ਲਈ ਭਾਰਤ ਨੂੰ ਸੱਦਾ ਦਿਤਾ ਹੈ। ਉਨ੍ਹਾਂ ਨੇ ਪਾਕਿ ਮੀਡੀਆ ਨੂੰ ਕਿਹਾ ਕਿ...

Khawaja Asif

ਇਸਲਾਮਾਬਾਦ, 7 ਅਗੱਸਤ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ਵਾਜਾ ਆਸਿਫ ਨੇ ਕਸ਼ਮੀਰ ਮੁੱਦੇ 'ਤੇ ਗੱਲਬਾਤ ਲਈ ਭਾਰਤ ਨੂੰ ਸੱਦਾ ਦਿਤਾ ਹੈ। ਉਨ੍ਹਾਂ ਨੇ ਪਾਕਿ ਮੀਡੀਆ ਨੂੰ ਕਿਹਾ ਕਿ ਕਸ਼ਮੀਰ 'ਚ ਸ਼ਾਂਤੀ ਲਈ ਦੋਵੇਂ ਦੇਸ਼ ਹੱਲ ਕੱਢਣ ਦੀ ਕੋਸ਼ਿਸ਼ ਕਰਨ। ਅਸੀਂ ਸਰਹੱਦ 'ਤੇ ਤਣਾਅ ਦੂਰ ਕਰਨਾ ਚਾਹੁੰਦੇ ਹਾਂ, ਪਰ ਭਾਰਤ ਇਸ ਲਈ ਤਿਆਰ ਨਹੀਂ। ਕਸ਼ਮੀਰ ਦੇ ਲੋਕ ਅਪਣੇ ਫ਼ੈਸਲੇ ਲਈ ਵੋਟ ਦਾ ਅਧਿਕਾਰ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਲਗਾਤਾਰ ਐਲ.ਓ.ਸੀ. 'ਤੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਭਾਰਤੀ ਫ਼ੌਜ ਵੀ ਇਸ ਦਾ ਜਵਾਬ ਲਗਾਤਾਰ ਦੇ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਫ਼ੌਜ ਨੇ ਕਸ਼ਮੀਰ ਵਿਚ ਕਈ ਪਾਕਿਸਤਾਨੀ ਅਤਿਵਾਦੀਆਂ ਨੂੰ ਮਾਰ ਮੁਕਾਇਆ। ਨਿਊਜ਼ ਏਜੰਸੀ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਐਤਵਾਰ ਨੂੰ ਮੀਡੀਆ ਨੂੰ ਕਿਹਾ, ''ਕਸ਼ਮੀਰ ਮਾਮਲੇ ਦਾ ਹਲ ਕੱਢਣ ਤੋਂ ਬਾਅਦ ਹੀ ਇਲਾਕੇ 'ਚ ਸ਼ਾਂਤੀ ਕਾਇਮ ਹੋ ਸਕਦੀ ਹੈ। ਜੇ ਭਾਰਤ ਗੱਲਬਾਤ ਲਈ ਤਿਆਰ ਨਹੀਂ ਹੈ ਤਾਂ ਸਾਡੇ ਕੋਲ ਇਸ ਲਈ ਘੱਟ ਸੰਭਾਵਨਾਵਾਂ ਰਹਿ ਜਾਂਦੀਆਂ ਹਨ। ਅਸੀਂ ਸਰਹੱਦ 'ਤੇ ਤਣਾਅ ਘੱਟ ਕਰਨਾ ਚਾਹੁੰਦੇ ਹਾਂ, ਪਰ ਭਾਰਤ ਇਸ ਲਈ ਤਿਆਰ ਨਹੀਂ ਹੈ। ਅਸੀਂ ਸਰਹੱਦ ਦੀ ਰੱਖਿਆ ਕਰਨਾ ਚੰਗੀ ਤਰ੍ਹਾਂ ਜਾਣਦੇ ਹਾਂ।
ਵਿਦੇਸ਼ ਮੰਤਰੀ ਨੇ ਕਿਹਾ, ''ਪਾਕਿਸਤਾਨ ਦੇ ਹੱਕ 'ਚ ਸਾਡੀ ਵਿਦੇਸ਼ ਨੀਤੀ ਦੇਸ਼ ਦੀ ਇੱਛਾ ਪੂਰੀ ਕਰੇਗੀ। ਦੋਵੇਂ ਦੇਸ਼ ਚਾਹੁੰਦੇ ਹਨ ਕਿ ਸਿੰਧੂ ਜਲ ਸਮਝੌਤਾ ਚਲਦਾ ਰਹੇ। ਹਾਲਾਂਕਿ ਕਿਸੇ ਵੀ ਹਿੰਸਕ ਕਾਰਵਾਈ ਨਾਲ ਰਿਸ਼ਤੇ ਹੋਰ ਵੀ ਖ਼ਰਾਬ ਹੋ ਸਕਦੇ ਹਨ। ਅਸੀਂ ਅਫ਼ਗ਼ਾਨਿਸਤਾਨ ਨਾਲ ਦੋਸਤਾਨਾ ਰਿਸ਼ਤੇ ਚਾਹੁੰਦੇ ਹਾਂ, ਪਰ ਇਸ ਲਈ ਭਾਰਤ ਨੂੰ ਵੀ ਮਦਦ ਕਰਨੀ ਹੋਵੇਗੀ। ਪਾਕਿਸਤਾਨ ਲੰਮੇ ਸਮੇਂ ਤੋਂ ਅਤਿਵਾਦ ਵਿਰੁਧ ਲੜਾਈ ਲੜ ਰਿਹਾ ਹੈ।'' (ਪੀਟੀਆਈ)