ਕੈਨੇਡਾ : ਘਰ ਨੂੰ ਲੱਗੀ ਅੱਗ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ  

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਤਾ-ਪਿਤਾ ਸਮੇਤ ਤਿੰਨ ਮਾਸੂਮ ਅੱਗ ਦੀ ਲਪੇਟ ਵਿਚ ਆਏ 

Brampton house fire leaves parents, 3 children dead

ਬਰੈਂਪਟਨ : ਬੀਤੇ ਦਿਨ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇਕ ਘਰ ਵਿਚ ਅੱਗ ਲੱਗਣ ਨਾਲ ਇਕੋ ਪਰਿਵਾਰ 5 ਜੀਆਂ ਦੀ ਮੌਤ ਹੋ ਗਈ। ਪੀਲ ਰੀਜ਼ਨਲ ਪੁਲਿਸ ਅਨੁਸਾਰ ਸਵੇਰੇ 2 ਵਜੇ ਤੋਂ ਪਹਿਲਾਂ ਕੈਨੇਡੀ ਰੋਡ ਅਤੇ ਸੈਂਡਲਵੁੱਡ ਪਾਰਕਵੇ ਈਸਟ ਖੇਤਰ ਵਿਚ ਸ਼ੂਟਰ ਐਵੀਨਿਊ ਦੇ ਨੇੜੇ ਕੋਨੇਸਟੋਗਾ ਡਰਾਈਵ 'ਤੇ ਇਕ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।

ਇਸ ਹਾਦਸੇ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦੇ 3 ਮਾਸੂਮ ਬੱਚਿਆਂ ਦੀ ਮੌਤ ਹੋ ਗਈ।  ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਸਥਾਨਕ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਘਰ ਵਿਚੋਂ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ।

ਮ੍ਰਿਤਕਾਂ ਦੀ ਪਛਾਣ ਨਜ਼ੀਰ ਅਲੀ (28) ਅਤੇ ਰੇਵੇਨ ਅਲੀ-ਓਡੀਆ (29) ਅਤੇ ਉਨ੍ਹਾਂ ਦੇ ਬੱਚਿਆਂ ਲੈਲਾ ਅਲੀ-ਓਡੀਆ, ਜੈਡੇਨ ਅਲੀ-ਓਡੀਆ ਅਤੇ ਆਲੀਆ ਅਲੀ-ਓਡੀਆ ਵਜੋਂ ਹੋਈ ਹੈ। ਹਾਦਸੇ ਵਿਚ ਮਾਰੇ ਗਏ ਬੱਚਿਆਂ ਦੀ ਉਮਰ 7, 8 ਅਤੇ 10 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਇੱਕ ਟਵੀਟ ਜ਼ਰੀਏ ਕਿਹਾ,  "ਮੇਰੀਆਂ ਪ੍ਰਾਰਥਨਾਵਾਂ ਅਤੇ ਸੰਵੇਦਨਾ ਮ੍ਰਿਤਕਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਨ ਜੋ ਬਰੈਂਪਟਨ ਵਿੱਚ ਇਸ ਭਿਆਨਕ ਅੱਗ ਹਾਦਸੇ ਦਾ ਸ਼ਿਕਾਰ ਹੋਏ ਹਨ।''