ਪਾਕਿਸਤਾਨ ਨੇ ਰਖਿਆ ਬਜਟ ਵਿਚ ਕੀਤਾ ਭਾਰੀ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫ਼ੌਜ 'ਤੇ ਖ਼ਰਚ ਹੋਣਗੇ 1100 ਅਰਬ ਡਾਲਰ

Defence Budget Of Pakistan

ਇਸਲਾਮਾਬਾਦ, 28 ਅਪ੍ਰੈਲ : ਪਾਕਿਸਤਾਨ ਸਰਕਾਰ ਨੇ 2018-19 ਲਈ ਸ਼ੁਕਰਵਾਰ ਨੂੰ ਸੰਸਦ 'ਚ 5661 ਅਰਬ ਰੁਪਏ ਦਾ ਬਜਟ ਪੇਸ਼ ਕੀਤਾ। ਖ਼ਾਸ ਗੱਲ ਇਹ ਹੈ ਕਿ ਉਸ ਦੇ ਰਖਿਆ ਬਜਟ 'ਚ ਇਸ ਵਾਰ 10 ਫ਼ੀ ਸਦੀ ਦਾ ਵਾਧਾ ਕੀਤਾ ਗਿਆ ਹੈ। ਪਿਛਲੇ ਵਿੱਤੀ ਸਾਲ ਦੌਰਾਨ ਰਖਿਆ ਬਜਟ 999 ਅਰਬ ਸੀ, ਜੋ ਇਸ ਵਾਰ ਵੱਧ ਕੇ 1100 ਅਰਬ ਕਰ ਦਿਤਾ ਗਿਆ ਹੈ। ਇਸ ਪੈਸੇ ਦੀ ਵਰਤੋਂ ਪਾਕਿ ਸਕਰਾਰ ਅਪਣੀ ਫ਼ੌਜ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਗੁਆਂਢੀ ਦੇਸ਼ਾਂ 'ਚ ਅਤਿਵਾਦੀ ਗਤੀਵਿਧੀਆਂ ਨੂੰ ਉਤਸਾਹਤ ਕਰੇਗਾ।ਪਾਕਿਸਤਾਨ ਮੁਸਲਿਮ ਲੀਗ ਦਾ ਇਹ 6ਵਾਂ ਬਜਟ ਹੈ। ਵਿੱਤ ਮੰਤਰੀ ਐਮ. ਇਸਮਾਇਲ ਨੇ ਦਸਿਆ ਕਿ ਬਜਟ 'ਚ ਪਿਛਲੀ ਵਾਰ ਦੇ ਮੁਕਾਬਲੇ 13 ਫ਼ੀ ਸਦੀ ਦਾ ਵਾਧਾ ਹੋਇਆ ਹੈ।

2018-19 'ਚ ਜੀ.ਡੀ.ਪੀ. ਦਾ ਟੀਚਾ 6.2 ਫ਼ੀ ਸਦੀ ਰਖਿਆ ਗਿਆ ਹੈ। ਪਿਛਲੇ ਸਾਲ ਬਜਟ 'ਚ ਇਹ 6 ਫ਼ੀ ਸਦੀ ਸੀ, ਪਰ ਅਰਥ ਵਿਵਸਥਾ 5.8 ਫ਼ੀ ਸਦੀ ਦਾ ਅੰਕੜਾ ਹੀ ਛੂਹ ਸਕੀ। ਅਗਲੇ ਸਾਲ ਲਈ 4435 ਅਰਬ ਰੁਪਏ ਟੈਕਸ ਤੋਂ ਇਕੱਤਰ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਪਿਛਲੇ ਵਿਤੀ ਸਾਲ 'ਚ 3900 ਅਰਬ ਰੁਪਏ ਟੈਕਸ ਤੋਂ ਇਕੱਤਰ ਕੀਤੇ ਗਏ ਸਨ।ਪਾਕਿਸਤਾਨ ਦੇ ਫ਼ੌਜ ਅਧਿਕਾਰੀਆਂ ਮੁਤਾਬਕ ਕੁਲ ਬਜਟ 'ਚੋਂ ਆਰਮੀ ਨੂੰ 47 ਫ਼ੀ ਸਦੀ, ਏਅਰ ਫ਼ੋਰਸ ਨੂੰ 20 ਫ਼ੀ ਸਦੀ ਅਤੇ ਸਮੁੰਦਰੀ ਫ਼ੌਜ ਨੂੰ 10 ਫ਼ੀ ਸਦੀ ਹਿੱਸਾ ਮਿਲਿਆ ਹੈ। (ਪੀਟੀਆਈ)