ਦੱਖਣ ਕੋਰੀਆ ਦੇ ਸਕੂਲਾਂ 'ਚ ਬੱਚਿਆਂ ਦੀ ਕਮੀ, ਬਜ਼ੁਰਗ ਲੈ ਰਹੇ ਦਾਖ਼ਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

56 ਤੋਂ 80 ਸਾਲ ਤੱਕ ਦੇ ਬਜ਼ੁਰਗ ਲੈ ਰਹੇ ਹਨ ਸਕੂਲ 'ਚ ਦਾਖ਼ਲਾ

South Korean schools lack of chidren taking elderly admissions

ਦੱਖਣੀ ਕੋਰੀਆ- ਦੱਖਣ ਕੋਰੀਆ 'ਚ ਪਿਛਲੇ ਕੁੱਝ ਸਾਲਾਂ ਤੋਂ ਜਨਮ ਦਰ ਕਾਫ਼ੀ ਡਿਗ ਰਹੀ ਹੈ। ਪਿਛਲੇ ਸਾਲ ਇਹ ਦਰ ਪ੍ਰਤੀ ਮਹਿਲਾ ਇਕ ਬੱਚੇ ਤੋਂ ਵੀ ਘੱਟ ਸੀ। ਇਸ ਦਾ ਸਭ ਤੋਂ ਖ਼ਰਾਬ ਅਸਰ ਪੇਂਡੂ ਇਲਾਕਿਆਂ 'ਤੇ ਪਿਆ ਹੈ। ਦੱਖਣ ਕੋਰੀਆ ਦੇ ਪਿੰਡਾਂ ਵਿਚ ਬੱਚਿਆਂ ਨੂੰ ਦੇਖਣਾ ਦੁਰਲਭ ਹੋ ਗਿਆ ਹੈ। ਨੌਜਵਾਨ ਜੋੜੇ ਚੰਗੀਆਂ ਨੌਕਰੀਆਂ ਲਈ ਵੱਡੇ ਸ਼ਹਿਰਾਂ ਵਿਚ ਚਲੇ ਜਾਂਦੇ ਹਨ। ਜਿਸ ਦਾ ਅਸਰ ਸਕੂਲਾਂ 'ਤੇ ਪਿਆ ਹੈ। ਉਨ੍ਹਾਂ ਵਿਚ ਵਿਦਿਆਰਥੀਆਂ ਦੀ ਕਮੀ ਹੋ ਗਈ ਹੈ ਪਰ ਹੁਣ ਸਕੂਲਾਂ ਵਲੋਂ ਦਾਦੀ ਮਾਵਾਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਹੋਰ ਪੇਂਡੂ ਸਕੂਲਾਂ ਦੀ ਤੁਲਨਾ ਵਿਚ ਦਾਇਗੂ ਪ੍ਰਾਇਮਰੀ ਸਕੂਲ ਵਿਚ ਸਭ ਤੋਂ ਘੱਟ ਬੱਚੇ ਹਨ। 70 ਸਾਲਾਂ ਦੀ ਹਵਾਂਗ ਵੋਲ ਜਿਊਮ ਹਰ ਸਵੇਰ ਅਪਣੇ ਪਰਿਵਾਰ ਦੇ ਤਿੰਨ ਮੈਂਬਰਾਂ ਨਾਲ ਬੱਸ ਵਿਚ ਬੈਠ ਕੇ ਇਸ ਸਕੂਲ ਵਿਚ ਪੜ੍ਹਨ ਲਈ ਜਾਂਦੀ ਹੈ। ਉਨ੍ਹਾਂ ਨੇ ਪਹਿਲੀ ਕਲਾਸ ਵਿਚ ਦਾਖ਼ਲਾ ਲਿਆ ਹੈ, ਕਿਸੇ ਸਮੇਂ ਹਵਾਂਗ ਦੇ ਸਭ ਤੋਂ ਛੋਟੇ ਪੁੱਤਰ ਚਾਈ ਕਿਓਂਕ ਡਿਓਕ ਨੇ 1980 ਵਿਚ ਇਥੇ ਦਾਖ਼ਲਾ ਲਿਆ ਸੀ। ਉਸ ਸਮੇਂ ਇੱਥੇ ਹਰ ਕਲਾਸ ਵਿਚ 90 ਵਿਦਿਆਰਥੀ ਸਨ ਹੁਣ ਸਕੂਲ ਵਿਚ ਕੁੱਲ ਮਿਲਾ ਕੇ 22 ਵਿਦਿਆਰਥੀ ਹਨ। ਚੌਥੀ ਅਤੇ ਪੰਜਵੀਂ ਕਲਾਸ ਵਿਚ ਤਾਂ ਇਕ-ਇਕ ਵਿਦਿਆਰਥੀ ਹੈ।

ਇਸ ਵਾਰ ਤਾਂ ਹੱਦ ਹੀ ਹੋ ਗਈ। ਸਕੂਲ ਪ੍ਰਿੰਸੀਪਲ ਲੀ ਜੂ ਯੰਗ ਦਾ ਕਹਿਣਾ ਹੈ ਕਿ ਅਸੀਂ ਸਿਰਫ਼ ਇਕ ਬੱਚੇ ਨੂੰ ਪਹਿਲੀ ਕਲਾਸ ਵਿਚ ਭਰਤੀ ਕਰਨ ਲਈ ਪਿੰਡ-ਪਿੰਡ ਘੁੰਮੇ ਪਰ ਇਕ ਬੱਚਾ ਵੀ ਨਹੀਂ ਮਿਲ ਸਕਿਆ। ਇਸ ਲਈ ਸਥਾਨਕ ਨਿਵਾਸੀਆਂ ਨੇ 96 ਸਾਲ ਪੁਰਾਣੇ ਸਕੂਲ ਨੂੰ ਬੰਦ ਹੋਣ ਤੋਂ ਬਚਾਉਣ ਲਈ ਪੜ੍ਹਨ ਦੇ ਇੱਛੁਕ ਬਜ਼ੁਰਗਾਂ ਨੂੰ ਭਰਤੀ ਕਰਨ ਦਾ ਵਿਚਾਰ ਕੀਤਾ। ਪਹਿਲੀ ਵਾਰ ਹਵਾਂਗ ਅਤੇ 56 ਤੋਂ 80 ਸਾਲ ਦੀ ਉਮਰ ਦੀਆਂ 7 ਹੋਰ ਬਜ਼ੁਰਗ ਔਰਤਾਂ ਅੱਗੇ ਆਈਆਂ। ਅਗਲੇ ਸਾਲ ਚਾਰ ਹੋਰ ਬਜ਼ੁਰਗ ਔਰਤਾਂ ਨੇ ਸਕੂਲ ਵਿਚ ਪੜ੍ਹਨ ਦੀ ਇੱਛਾ ਜਤਾਈ।

ਪਹਿਲੀ ਕਲਾਸ ਦੇ ਹੋਰ ਬੱਚਿਆਂ ਵਾਂਗ ਹਵਾਂਗ ਵੀ ਪਹਿਲੇ ਦਿਨ ਸਕੂਲ ਜਾਣ ਲੱਗੇ ਰੋਈ ਸੀ ਪਰ ਇਹ ਖ਼ੁਸ਼ੀ ਦੇ ਹੰਝੂ ਸਨ। ਦੱਖਣ ਕੋਰੀਆ ਦੇ ਦੱਖਣ ਪੱਛਮੀ ਸਮੁੰਦਰ ਤੱਟ 'ਤੇ ਸਥਿਤ ਗਾਂਗਜਿਨ ਸੂਬੇ ਵਿਚ ਹਵਾਂਗ ਦਾ ਪਿੰਡ ਹੈ। ਦੇਸ਼ ਦੇ ਤੇਜ਼ ਉਦਯੋਗੀਕਰਨ ਦੀ ਰਫ਼ਤਾਰ ਵਿਚ ਕਈ ਪੇਂਡੂ ਇਲਾਕੇ ਪਿੱਛੇ ਰਹਿ ਗਏ ਹਨ। ਗਾਂਗਜਿਨ ਦਾ ਆਖ਼ਰੀ ਪ੍ਰਮੁੱਖ ਉਦਯੋਗ ਚੀਨੀ ਕ੍ਰਾਕਰੀ ਬਣਾਉਂਦਾ ਸੀ।

ਜਦੋਂ 1970 ਵਿਚ ਦੱਖਣ ਕੋਰੀਆ ਦੇ ਰਸੋਈ ਘਰਾਂ ਵਿਚ ਕ੍ਰਾਕਰੀ ਦਾ ਸਥਾਨਕ ਪਲਾਸਟਿਕ ਨੇ ਲਿਆ ਤਾਂ ਇੰਡਸਟਰੀ ਬੰਦ ਹੋ ਗਈ ਹੁਣ ਸਥਿਤੀ ਇਹ ਹੈ ਕਿ 75 ਸਾਲ ਦੀ ਪਾਰਕ ਜੋਂਗ ਸਿਮ ਭਾਵੇਂ ਆਕਟੋਪਸ ਫੜਨ ਦੀ ਚੈਂਪੀਅਨ ਹੈ ਪਰ ਉਸ ਨੂੰ ਅਪਣੀ ਪੜ੍ਹਾਈ ਦੀ ਚਿੰਤਾ ਰਹਿੰਦੀ ਹੈ। ਉਸ ਨੇ ਪ੍ਰਾਇਮਰੀ ਸਕੂਲ ਵਿਚ ਦਾਖ਼ਲਾ ਲਿਆ ਹੈ। ਉਹ ਵੀ ਹੁਣ ਅਪਣਾ ਸਕੂਲੇ ਪੜ੍ਹਨ ਦਾ ਸੁਪਨਾ ਪੂਰਾ ਕਰ ਰਹੀ ਹੈ ਜੋ ਬਚਪਨ ਵਿਚ ਪਿਤਾ ਦੀ ਮੌਤ ਕਾਰਨ ਪੂਰਾ ਨਹੀਂ ਸੀ ਹੋ ਸਕਿਆ।