H-1B ਵੀਜ਼ਾ ਧਾਰਕਾਂ ਦੀਆਂ ਵਧੀਆਂ ਮੁਸ਼ਕਿਲਾ, ਜੂਨ ਤੱਕ ਖੋ ਦੇਣਗੇ ਅਮਰੀਕਾ ਵਿਚ ਰਹਿਣ ਦਾ ਅਧਿਕਾਰ!
ਐਚ-1 ਬੀ ਵੀਜ਼ੇ 'ਤੇ ਅਮਰੀਕਾ ਵਿਚ ਨੌਕਰੀ ਕਰ ਰਹੇ ਭਾਰਤੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਵਾਸ਼ਿੰਗਟਨ: ਐਚ-1 ਬੀ ਵੀਜ਼ੇ 'ਤੇ ਅਮਰੀਕਾ ਵਿਚ ਨੌਕਰੀ ਕਰ ਰਹੇ ਭਾਰਤੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦਰਅਸਲ 2 ਲੱਖ ਤੋਂ ਜ਼ਿਆਦਾ ਭਾਰਤੀ ਮੂਲ ਦੇ ਲੋਕ ਜੂਨ ਤੱਕ ਅਮਰੀਕਾ ਵਿਚ ਰਹਿਣ ਦੀ ਕਾਨੂੰਨੀ ਯੋਗਤਾ ਨੂੰ ਖੋ ਦੇਣਗੇ ਅਤੇ ਇਸ ਤੋਂ ਇਲਾਵਾ ਲੌਕਡਾਊਨ ਦੇ ਚਲਦਿਆਂ ਇਹ ਲੋਕ ਭਾਰਤ ਵੀ ਨਹੀਂ ਆ ਸਕਣਗੇ।
ਇਹਨਾਂ ਲੋਕਾਂ ਨੂੰ ਕੋਵਿਡ-19 ਕਾਰਨ ਮਾਰਚ ਵਿਚਕਾਰ ਤੋਂ ਹੀ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ। ਅਜਿਹੇ ਵਿਚ ਜੇਕਰ ਕਿਸੇ ਕਾਰਨ ਅਮਰੀਕਾ ਵਿਚ ਰਹਿਣ ਵਾਲੇ ਲੋਕਾਂ ਦੀ ਨੌਕਰੀ ਚਲੀ ਜਾਂਦੀ ਹੈ ਤਾਂ ਇਹ ਲੋਕ ਅਮਰੀਕਾ ਵਿਚ ਐਚ-1 ਬੀ ਵੀਜ਼ੇ 'ਤੇ ਜ਼ਿਆਦਾ ਤੋਂ ਜ਼ਿਆਦਾ 60 ਦਿਨਾਂ ਤੱਕ ਹੀ ਕਾਨੂੰਨੀ ਤੌਰ 'ਤੇ ਰਹਿ ਸਕਦੇ ਹਨ।
ਇਸ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਵਿਚ ਰਹਿਣ ਲਈ ਭਾਰੀ ਕੀਮਤ ਦੇਣੀ ਪਵੇਗੀ। ਐਚ -1 ਬੀ ਵੀਜ਼ਾ ਵਿਸ਼ੇਸ਼ ਹੁਨਰਾਂ ਵਾਲੇ ਗੈਰ-ਅਮਰੀਕੀ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਅਧਾਰ 'ਤੇ ਉਹਨਾਂ ਨੂੰ ਅਮਰੀਕਾ ਵਿਚ ਕੰਮ ਕਰਨ ਲਈ ਕਾਨੂੰਨੀ ਇਜਾਜ਼ਤ ਮਿਲਦੀ ਹੈ। ਅਜਿਹੀ ਸਥਿਤੀ ਵਿਚ, ਬਹੁਤ ਸਾਰੇ ਨੌਕਰੀਪੇਸ਼ਾ ਲੋਕਾਂ ਨੂੰ ਬਿਨਾਂ ਤਨਖਾਹ ਤੋਂ ਕੰਮ 'ਤੇ ਨਾ ਆਉਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਮਰੀਕੀ ਪ੍ਰਸ਼ਾਸਨ ਨੇ ਐਚ-1ਬੀ ਵੀਜ਼ੇ ਦੀ ਮਿਆਦ ਵਧਾਉਣ ਅਤੇ ਦੇਸ਼ ਵਿਚ ਕੁਝ ਜ਼ਿਆਦਾ ਸਮੇਂ ਤੱਕ ਰੱਖਣ ਦੀ ਬੇਨਤੀ ਨੂੰ ਸਵੀਕਾਰ ਕਰਨ ਦਾ ਫੈਸਲਾ ਲਿਆ ਸੀ।
ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ (ਯੂਐਸਸੀਆਈਐਸ) ਅਨੁਸਾਰ ਦੇਸ਼ ਦੀ ਐਚ 1 ਬੀ ਵੀਜ਼ਾ ਸਕੀਮ ਦਾ ਸਭ ਤੋਂ ਜ਼ਿਆਦਾ ਲਾਭ ਭਾਰਤੀ ਲੋਕਾਂ ਨੂੰ ਮਿਲ ਰਿਹਾ ਹੈ। ਯਾਤਰਾ 'ਤੇ ਪਾਬੰਦੀਆਂ ਕਾਰਨ, ਬਹੁਤ ਸਾਰੇ ਐਚ -1 ਬੀ ਵੀਜ਼ਾ ਧਾਰਕ ਅਮਰੀਕਾ ਵਿਚ ਫਸ ਗਏ ਹਨ, ਉਹਨਾਂ ਦੀ ਵੀਜ਼ਾ ਪਰਮਿਟ ਦੀ ਮਿਆਦ ਜਲਦੀ ਹੀ ਖਤਮ ਹੋਣ ਵਾਲੀ ਹੈ।