ਅਮਰੀਕਾ ’ਚ ਝੁਲਾਇਆ ਗਿਆ ਨਿਸ਼ਾਨ ਸਾਹਿਬ, ਸਿੱਖਾਂ ਨੂੰ ਮੇਅਰ ਨੇ ਅਪਣੇ ਸ਼ਹਿਰ ਆਉਣ ਦਾ ਦਿਤਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ਹਿਰ 'ਚ ਪਹਿਲੀ ਵਾਰ ਝੁਲਾਇਆ ਗਿਆ ਨਿਸ਼ਾਨ ਸਾਹਿਬ

Nishan Sahib hoisted in USA

ਕੋਟਕਪੂਰਾ (ਗੁਰਿੰਦਰ ਸਿੰਘ) : ਲਾਲ ਕਿਲ੍ਹੇ ਉਪਰ ਨਿਸ਼ਾਨ ਸਾਹਿਬ ਝੁਲਾਉਣ ਕਾਰਨ ਦੀਪ ਸਿੱਧੂ ਸਮੇਤ ਹੋਰ ਸਿੱਖ ਨੌਜਵਾਨਾਂ ਨੂੰ ਭਾਵੇਂ ਜੇਲ ਭੁਗਤਣੀ ਪਈ ਪਰ ਅਮਰੀਕਾ ਵਿਚ ਉਹੀ ਨਿਸ਼ਾਨ ਸਾਹਿਬ ਦੀਪ ਸਿੱਧੂ ਦੀ ਰਿਹਾਈ ਵਾਲੇ ਦਿਨ ਚੀਕੋਪੀ ਮੈਸਾਚਿਉਸਟ ਵਿਚ ਲਹਿਰਾਇਆ ਗਿਆ। ਅਮਰੀਕਾ ਦੇ ਸ਼ਹਿਰ ਚੀਕੋਪੀ ’ਚ ਪਹਿਲੀ ਵਾਰ ਨਿਸ਼ਾਨ ਸਾਹਿਬ ਝੁਲਾਇਆ ਗਿਆ। 

ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ ਵਿਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ ਦੀ ਜਨਰਲ ਸਕੱਤਰ ਹਰਮਨ ਕੌਰ ਨੇ ਦਸਿਆ ਕਿ ਪਿਛਲੇ ਦਿਨਾਂ ’ਚ ਅਮਰੀਕਾ ਦੇ ਹੀ ਸ਼ਹਿਰ ਇੰਡੀਅਨਾਪੋਲਿਸ ਇੰਡਿਆਨਾ ਸਟੇਟ ਦੇ ਫੇਡਐਕਸ ਦੇ ਵੇਅਰ ਹਾਊਸ ਵਿਚ ਕਰਮਚਾਰੀਆਂ ਉਪਰ ਇਕ ਸਿਰਫਿਰੇ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿਚ ਅੱਠ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਵਿਚ ਚਾਰ ਪੰਜਾਬੀ ਭਾਈਚਾਰੇ ਨਾਲ ਸਬੰਧਤ ਸਨ। ਇਸ ਸਾਰੇ ਸੋਗ ਦੇ ਮਾਹੌਲ ਦੌਰਾਨ ਅਮਰੀਕਾ ਨੇ ਅਪਣੇ ਝੰਡੇ 20 ਮਈ ਤਕ ਨੀਵੇਂ ਕੀਤੇ ਹੋਏ ਹਨ।

ਜਿਥੇ ਇਸ ਸੋਗ ਦੇ ਮਾਹੌਲ ਦੇ ਚਲਦਿਆਂ ਅਮਰੀਕਨਾਂ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਉੱਥੇ ਹੀ ਚੀਕੋਪੀ ਸ਼ਹਿਰ ਦੇ ਮੇਅਰ ਜੌਹਨ ਐਲ ਵੀਅਉ ਨੇ ਨਿਸ਼ਾਨ ਸਾਹਿਬ ਲਹਿਰਾ ਕੇ ਸਿੱਖ ਕੌਮ ਦੇ ਦੁੱਖ ਨੂੰ ਵੰਡਣ ਵਿਚ ਹਿੱਸਾ ਪਾਇਆ ਹੈ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਮਾਨਤਾ ਦਿਤੀ ਹੈ, ਨਾਲ ਹੀ ਸਿੱਖ ਫ਼ਲਸਫ਼ੇ ਤੋਂ ਪ੍ਰਭਾਵਤ ਜੌਹਨ ਐਲ ਵੀਅਉ ਨੇ ਸਿੱਖਾਂ ਨੂੰ ਅਪਣੇ ਸ਼ਹਿਰ ਵਿਚ ਆ ਕੇ ਵਸਣ ਲਈ ਸੱਦਾ ਦਿਤਾ ਅਤੇ ਹਰ ਤਰ੍ਹਾਂ ਦੀ ਸਹੂਲਤ ਦੇਣ ਦਾ ਵੀ ਵਾਅਦਾ ਕੀਤਾ ਹੈ। ਇਸ ਸਾਰੇ ਕਾਰਜ ਲਈ ਯਤਨਸ਼ੀਲ ਸ. ਗੁਰਨਿੰਦਰ ਸਿੰਘ ਧਾਲੀਵਾਲ ਦੀਆਂ ਕੋਸ਼ਿਸ਼ਾਂ ਹਨ, ਜਿਨ੍ਹਾਂ ਦੇ ਅਪਣੇ ਖ਼ੁਦ ਦੇ ਸ਼ਹਿਰ ਹੋਲੀਉਕ ਵਿਚ ਪਿਛਲੇ ਚਾਰ ਸਾਲ ਤੋਂ ਨਿਸ਼ਾਨ ਸਾਹਿਬ ਝੂਲ ਰਹੇ ਹਨ। 

 

ਅਪਣੀ ਕੌਮ ਦੀ ਸੇਵਾ ਲਈ ਤਤਪਰ ਵਰਲਡ ਸਿੱਖ ਪਾਰਲੀਮੈਂਟ ਦੇ ਵਲੰਟੀਅਰਾਂ ਵਲੋਂ ਅਮਰੀਕਾ ਵਿਚ ਸਿੱਖਾਂ ਦੀ ਪਹਿਚਾਣ ਲਈ ਕੀਤੇ ਜਾਂਦੇ ਉਦਮ ਉਪਰਾਲੇ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ ਅਤੇ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਖ਼ੂਬ ਸ਼ਲਾਘਾ ਕੀਤੀ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਇਸ ਗੱਲ ਨੂੰ ਦ੍ਰਿੜ ਕਰਵਾਇਆ ਕਿ ਇਕ ਪਾਸੇ ਭਾਰਤੀ ਤੰਤਰ ਅੰਦਰ ਨੌਜਵਾਨਾਂ ਦੇ ਨਾਇਕ ਬਣ ਉਭਰੇ ਦੀਪ ਸਿੱਧੂ ਅਤੇ ਹੋਰ ਬਹੁਤ ਨੌਜਵਾਨਾਂ ਨੂੰ ਲਾਲ ਕਿਲ੍ਹੇ ਉਪਰ ਨਿਸ਼ਾਨ ਸਾਹਿਬ ਲਹਿਰਾਉਣ ਕਾਰਨ ਜੇਲਾਂ ਵਿਚ ਸੁੱਟ ਦਿਤਾ ਜਾਂਦਾ ਹੈ

ਅਤੇ ਸਿੱਖਾਂ ਵਿਰੁਧ ਭਾਰਤੀ ਕਾਨੂੰਨਾਂ ਦੀਆਂ ਕਾਲੀਆਂ ਧਰਾਵਾਂ ਲਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਅਮਰੀਕਾ ਦੇ ਸ਼ਹਿਰਾਂ ਵਿਚ ਖ਼ਾਲਸੇ ਦੇ ਨਿਸ਼ਾਨ ਸਾਹਿਬ ਝੁਲਾਏ ਜਾ ਰਹੇ ਹਨ ਅਤੇ ਸਿੱਖਾਂ ਨੂੰ ਅਪਣੇ ਸ਼ਹਿਰ ਵਿਚ ਆ ਕੇ ਵੱਸਣ ਲਈ ਸੱਦੇ ਦਿਤੇ ਜਾਂਦੇ ਹਨ, ਹੁਣ ਇਹ ਗੱਲ ਸਿੱਖ ਸਮਝਣ ਕਿ ਉਹ ਅਜ਼ਾਦ ਕਿਥੇ ਹਨ ਅਤੇ ਗ਼ੁਲਾਮ ਕਿਥੇ ਹਨ, ਉਨ੍ਹਾਂ ਦੀ ਕਦਰ ਕਿਥੇ ਹੈ ਅਤੇ ਬੇਕਦਰੀ ਕਿਥੇ ਹੈ?