ਆਨਲਾਈਨ ਖ਼ਰੀਦੀ ਪੁਰਾਣੀ ਅਲਮਾਰੀ 'ਚੋਂ ਨਿਕਲੀ 1 ਕਰੋੜ 19 ਲੱਖ ਦੀ ਨਕਦੀ
ਥਾਮਸ ਹੇਲਰ ਨੂੰ ਇਨਾਮ ਦੇ ਤੌਰ 'ਤੇ ਵਾਪਸ ਮਿਲਿਆ ਕੁੱਲ ਰਾਸ਼ੀ ਦਾ 3 ਫ਼ੀਸਦੀ ਹਿੱਸਾ
ਬਰਲਿਨ : ਜਰਮਨੀ ਵਿਚ ਰਹਿੰਦੇ ਇਕ ਸ਼ਖ਼ਸ ਨੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ | ਇਸ ਸ਼ਖ਼ਸ ਨੇ ਪੁਰਾਣੀ ਅਲਮਾਰੀ ਖ਼ਰੀਦੀ ਸੀ | ਜਦੋਂ ਉਸ ਨੇ ਘਰ ਆ ਕੇ ਇਸ ਅਲਮਾਰੀ ਨੂੰ ਖੋਲਿ੍ਹਆ ਤਾਂ ਉਹ ਹੈਰਾਨ ਰਹਿ ਗਿਆ | ਅਸਲ ਵਿਚ ਅਲਮਾਰੀ ਵਿਚੋਂ 1 ਕਰੋੜ ਰੁਪਏ ਤੋਂ ਜ਼ਿਆਦਾ ਦਾ ਕੈਸ਼ ਨਿਕਲਿਆ | ਇਸ ਅਲਮਾਰੀ ਨੂੰ ਉਸ ਨੇ ਆਨਲਾਈਨ ਸਾਈਟ ਈਬੇਅ ਤੋਂ ਖ਼ਰੀਦਿਆ ਸੀ |
ਸ਼ਖ਼ਸ ਦਾ ਨਾਮ ਥਾਮਸ ਹੇਲਰ ਹੈ, ਜੋ ਜਰਮਨੀ ਦੇ ਬੀਟਰਫ਼ੀਲਡ ਦਾ ਰਹਿਣ ਵਾਲਾ ਹੈ | 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਥਾਮਸ ਨੇ ਇਹ ਕਿਚਨ ਦਾ ਸਾਮਾਨ ਰੱਖਣ ਲਈ ਇਕ ਪੁਰਾਣੀ ਅਲਮਾਰੀ ਖ਼ਰੀਦੀ ਸੀ ਅਤੇ ਇਸ ਲਈ ਉਸ ਨੇ 19 ਹਜ਼ਾਰ ਦਿਤੇ ਸਨ ਪਰ ਕੈਬਨਿਟ ਖੋਲ੍ਹਦੇ ਹੀ ਉਹ ਹੈਰਾਨ ਰਹਿ ਗਿਆ |
ਅਸਲ ਵਿਚ ਇਸ ਕੈਬਨਿਟ ਅੰਦਰੋਂ ਉਸ ਨੂੰ ਦੋ ਬਕਸੇ ਮਿਲੇ, ਜਿਨ੍ਹਾਂ ਨੂੰ ਖੋਲ੍ਹਣ ਮਗਰੋਂ ਉਨ੍ਹਾਂ ਦੇ ਅੰਦਰੋਂ 1 ਕਰੋੜ 19 ਲੱਖ ਰੁਪਏ ਕੈਸ਼ ਨਿਕਲਿਆ | ਹਾਲਾਂਕਿ ਥਾਮਸ ਨੇ ਇਸ ਕੈਸ਼ ਨੂੰ ਆਪਣੀ ਕੋਲ ਰੱਖਣ ਦੀ ਬਜਾਏ ਸਥਾਨਕ ਪੁਲਿਸ ਦੇ ਹਵਾਲੇ ਕਰ ਦਿਤਾ ਤਾਂ ਜੋ ਪੈਸੇ ਉਸ ਦੇ ਅਸਲੀ ਮਾਲਕ ਤਕ ਪਹੁੰਚਾਏ ਜਾ ਸਕਣ|
ਪੁਲਿਸ ਨੇ ਜਾਂਚ ਦੌਰਾਨ ਪਤਾ ਲਗਾਇਆ ਕਿ ਇਹ ਰਾਸ਼ੀ 91 ਸਾਲਾ ਬਜ਼ੁਰਗ ਔਰਤ ਦੀ ਹੈ ਜੋ ਹੇਲੀ ਸਿਟੀ ਵਿਚ ਰਹਿੰਦੀ ਹੈ | ਅਲਮਾਰੀ ਦੀ ਪਹਿਲੀ ਮਾਲਕਣ ਉਹੀ ਸੀ |
ਉਸ ਦੇ ਪੋਤੇ ਨੇ ਅਲਮਾਰੀ ਵੇਚੀ ਸੀ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਇਸ ਵਿਚ ਬਜ਼ੁਰਗ ਦਾਦੀ ਨੇ ਕੈਸ਼ ਰੱਖਿਆ ਹੋਇਆ ਹੈ | ਈਮਾਨਦਾਰੀ ਨਾਲ ਪੈਸੇ ਵਾਪਸ ਕਰਨ ਵਾਲੇ ਨੂੰ ਇਨਾਮ ਵੀ ਦਿਤਾ ਜਾਂਦਾ ਹੈ | ਅਜਿਹੇ ਵਿਚ ਥਾਮਸ ਨੂੰ ਕੁੱਲ ਰਾਸ਼ੀ ਦਾ 3 ਫ਼ੀ ਸਦੀ ਇਨਾਮ ਦੇ ਤੌਰ 'ਤੇ ਦਿਤਾ ਗਿਆ | ਉਸ ਨੂੰ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਰੁਪਏ ਮਿਲੇ |