ਪੰਜਾਬੀ ਮੂਲ ਦੇ ਮੱਲ੍ਹੀ ਬਰਤਾਨੀਆਂ ’ਚ ਮੁੜ ਬਣੇ ਅਜਾਇਬ ਘਰ ਬੋਰਡ ਦੇ ਟਰੱਸਟੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਯਾਦਵਿੰਦਰ ਮੱਲ੍ਹੀ ਨੂੰ ਚਾਰ ਸਾਲ ਦੇ ਦੂਜੇ ਕਾਰਜਕਾਲ ਲਈ ਮੁੜ ਨਿਯੁਕਤ ਕੀਤਾ ਗਿਆ

Yadwinder Malhi

ਲੰਡਨ: ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵਾਤਾਵਰਣ ਵਿਗਿਆਨ ਦੇ ਖੇਤਰ ’ਚ ਪੰਜਾਬੀ ਮੂਲ ਦੇ ਉੱਘੇ ਅਕਾਦਮਿਕ ਨੂੰ ਲੰਡਨ ਦੇ ਕੁਦਰਤੀ ਇਤਿਹਾਸ ਮਿਊਜ਼ੀਅਮ ਬੋਰਡ ਦਾ ਟਰੱਸਟੀ ਨਿਯੁਕਤ ਕੀਤਾ ਹੈ। 

ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਯਾਦਵਿੰਦਰ ਮੱਲ੍ਹੀ ਨੂੰ ਇਸ ਮਹੀਨੇ ਅਧਿਕਾਰਤ ਤੌਰ ’ਤੇ ਚਾਰ ਸਾਲ ਦੇ ਦੂਜੇ ਕਾਰਜਕਾਲ ਲਈ ਮੁੜ ਨਿਯੁਕਤ ਕੀਤਾ ਗਿਆ ਸੀ। ਪ੍ਰੋਫੈਸਰ ਮੱਲ੍ਹੀ ਬਿਨਾਂ ਤਨਖਾਹ ਵਾਲੇ ਸਲਾਹਕਾਰ ਦੀ ਭੂਮਿਕਾ ’ਚ ਕੁਦਰਤ ਦੀ ਸੰਭਾਲ ’ਚ ਸੰਸਥਾ ਦੀ ਭੂਮਿਕਾ ਦੀ ਨਿਗਰਾਨੀ ਕਰਨਗੇ। 

ਉਨ੍ਹਾਂ ਕਿਹਾ, ‘‘ਮੈਂ ਅਗਲੇ ਚਾਰ ਸਾਲਾਂ ਲਈ ਕੁਦਰਤੀ ਇਤਿਹਾਸ ਅਜਾਇਬ ਘਰ ਬੋਰਡ ’ਚ ਸੇਵਾ ਕਰਨ ਦਾ ਮੌਕਾ ਪ੍ਰਾਪਤ ਕਰ ਕੇ ਖੁਸ਼ ਹਾਂ। ਮੇਰਾ ਟੀਚਾ ਇਸ ਸ਼ਾਨਦਾਰ, ਸਤਿਕਾਰਯੋਗ ਅਤੇ ਮਸ਼ਹੂਰ ਸੰਸਥਾ ਨੂੰ ਇਸਦੀ ਖੋਜ ਅਤੇ ਜਨਤਕ ਅਤੇ ਨੀਤੀਗਤ ਸ਼ਮੂਲੀਅਤ ’ਚ ਸਹਾਇਤਾ ਕਰਨਾ ਹੈ।’’ ਇਸ ਤੋਂ ਪਹਿਲਾਂ ਮਈ 2020 ’ਚ ਉਨ੍ਹਾਂ ਨੂੰ ਪਹਿਲੀ ਵਾਰ ਬੋਰਡ ’ਚ ਨਿਯੁਕਤ ਕੀਤਾ ਗਿਆ ਸੀ। 

ਆਕਸਫੋਰਡ ਯੂਨੀਵਰਸਿਟੀ ਦੇ ਸਕੂਲ ਆਫ ਜਿਓਗ੍ਰਾਫੀ ਐਂਡ ਇਨਵਾਇਰਮੈਂਟ ਵਿਚ ਈਕੋਸਿਸਟਮ ਦੇ ਪ੍ਰੋਫੈਸਰ ਮੱਲ੍ਹੀ ਨੂੰ 2020 ਵਿਚ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੂਜੇ ਦੇ ਜਨਮਦਿਨ ਦੇ ਮੌਕੇ ’ਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਸੀ.ਬੀ.ਈ. (ਬ੍ਰਿਟਿਸ਼ ਸਾਮਰਾਜ ਦੇ ਕਮਾਂਡਰ) ਨਾਲ ਸਨਮਾਨਿਤ ਕੀਤਾ ਗਿਆ ਸੀ।