ਚੀਨ ਦੀ ਸੰਸਦ ’ਚ ਵਿਵਾਦਤ ਹਾਂਗਕਾਂਗ ਸੁਰੱਖਿਆ ਬਿੱਲ ਪਾਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨੀ ਸੁਰੱਖਿਆ ਏਜੰਸੀਆਂ ਪਹਿਲੀ ਵਾਰ ਹਾਂਗਕਾਂਗ ’ਚ ਖੋਲ੍ਹੱਣਗੀਆਂ ਅਪਣੇ ਅਦਾਰੇ 

File Photo

ਬੀਜਿੰਗ, 28 ਮਈ : ਚੀਨ ਦੀ ਸੰਸਦ ਨੇ ਵੀਰਵਾਰ ਨੂੰ ਹਾਂਗਕਾਂਗ ਲਈ ਇਕ ਨਵੇਂ ਵਿਵਾਦਪੂਰਨ ਸੁਰੱਖਿਆ ਕਾਨੂੰਨ ਨੂੰ ਮਨਜ਼ੂਰੀ ਦੇ ਦਿਤੀ ਹੈ ਜਿਸ ਨਾਲ ਸਾਬਕਾ ਬ੍ਰਿਟਿਸ਼ ਕਲੋਨੀ ਵਿਚ ਬੀਜਿੰਗ ਦੇ ਅਧਿਕਾਰ ਨੂੰ ਕਮਜ਼ੋਰ ਕਰਨਾ ਇਕ ਅਪਰਾਧ ਬਣ ਜਾਵੇਗਾ। ਇਸ ਨਵੇਂ ਕਾਨੂੰਨ ਨਾਲ ਚੀਨੀ ਸੁਰੱਖਿਆ ਏਜੰਸੀਆਂ ਪਹਿਲੀ ਵਾਰ ਹਾਂਗ ਕਾਂਗ ਵਿਚ ਅਪਣੇ ਅਦਾਰੇ ਖੋਲ੍ਹ ਸਕਦੀਆਂ ਹਨ। 

ਅਧਿਕਾਰਤ ਨਿਊਜ਼ ਏਜੰਸੀ ਸਿਨਹੂਆ ਨੇ ਦਸਿਆ ਕਿ ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਨੇ ਆਖਰੀ ਦਿਨ ਕਈ ਬਿੱਲਾਂ ਨੂੰ ਪ੍ਰਵਾਨਗੀ ਦਿਤੀ, ਜਿਸ ਵਿਚ ਹਾਂਗ ਕਾਂਗ ਲਈ ਨਵਾਂ ਸੁਰੱਖਿਆ ਕਾਨੂੰਨ ਵੀ ਸ਼ਾਮਲ ਹੈ। ਹੁਣ ਕਮਿਊਨਿਸਟ ਪਾਰਟੀ ਦੀ ਸਥਾਈ ਕਮੇਟੀ ਨੇ ਇਹ ਬਿੱਲ ਪਾਸ ਕਰ ਦਿਤਾ ਹੈ ਅਤੇ ਇਹ ਅਗਸਤ ਤਕ ਕਾਨੂੰਨ ਬਣ ਸਕਦਾ ਹੈ। ਬਿਲ ਦੇ ਪੂਰੇ ਵੇਰਵਿਆਂ ਬਾਰੇ ਅਜੇ ਪਤਾ ਨਹੀਂ ਹੈ। ਹਾਂਗ ਕਾਂਗ ’ਚ ਅਧਿਕਾਰੀਆਂ ਨੇ ਕਿਹਾ ਕਿ ਵੱਧ ਰਹੀ ਹਿੰਸਾ ਅਤੇ ਅਤਿਵਾਦ ਨੂੰ ਰੋਕਣ ਲਈ ਕਾਨੂੰਨ ਜ਼ਰੂਰੀ ਹੈ ਅਤੇ ਖੇਤਰ ਦੇ ਵਸਨੀਕਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ।

ਆਲੋਚਕਾਂ ਨੂੰ ਡਰ ਹੈ ਕਿ ਇਸ ਕਾਨੂੰਨ ਨਾਲ ਹਾਂਗ ਕਾਂਗ ਦੇ ਵਸਨੀਕਾਂ ਨੂੰ ਬੀਜਿੰਗ ਵਿਚ ਲੀਡਰਸ਼ਿਪ ਤੋਂ ਪੁੱਛਗਿੱਛ, ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਅਤੇ ਸਥਾਨਕ ਕਾਨੂੰਨਾਂ ਤਹਿਤ ਉਨ੍ਹਾਂ ਦੇ ਮੌਜੂਦਾ ਅਧਿਕਾਰਾਂ ਦੀ ਵਰਤੋਂ ਕਰਨ ਲਈ ਮੁਕਦਮਾ ਚਲਾਇਆ ਜਾ ਸਕਦਾ ਹੈ। ਚੀਨ ਦੇ ਇਸ ਕਦਮ ਨੇ ਹਾਂਗ ਕਾਂਗ ਵਿਚ ਪ੍ਰਦਰਸ਼ਨਾਂ ਦਾ ਨਵਾਂ ਦੌਰ ਸ਼ੁਰੂ ਕਰ ਦਿਤਾ ਹੈ।

ਹਾਂਗਕਾਂਗ ਦੀ ਸੰਸਦ ਨੇ ਜਦੋਂ ਵੱਖਰੇ ਪ੍ਰਸਤਾਵਿਤ ਕਾਨੂੰਨ ਬਾਰੇ ਵਿਚਾਰ ਵਟਾਂਦਰੇ ਸ਼ੁਰੂ ਕੀਤੇ ਤਾਂ ਬੁਧਵਾਰ ਨੂੰ ਫਿਰ ਝੜਪਾਂ ਸ਼ੁਰੂ ਹੋ ਗਈਆਂ। ਇਸ ਵਿਵਾਦਤ ਕਾਨੂੰਨ ਨਾਲ ਚੀਨ ਦਾ ਰਾਸ਼ਟਰੀ ਗੀਤ ਦਾ ਅਪਮਾਨ ਕਰਨਾ ਅਪਰਾਧ ਦੇ ਦਾਇਰੇ ਵਿਚ ਆ ਜਾਵੇਗਾ।  ਫਿਲਹਾਲ ‘ਹਾਂਗ ਕਾਂਗ ਬਾਰ ਐਸੋਸੀਏਸ਼ਨ’ ਨੇ ਕਿਹਾ ਕਿ ਚੀਨ ਦਾ ਪ੍ਰਸਤਾਵਿਤ ਨਵਾਂ ਸੁਰੱਖਿਆ ਕਾਨੂੰਨ ਅਦਾਲਤਾਂ ’ਚ ਮੁਸੀਬਤ ਵਿਚ ਪੈ ਸਕਦਾ ਹੈ ਕਿਉਂਕਿ ਬੀਜਿੰਗ ਕੋਲ ਸਾਬਕਾ ਬ੍ਰਿਟਿਸ਼ ਕਲੋਨੀ ਲਈ ਅਪਣਾ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। (ਪੀਟੀਆਈ)

ਹਾਂਗਕਾਂਗ ’ਚ ਨਵੇਂ ਕਾਨੂੰਨ ਤਹਿਤ ਦੋਸ਼ੀ ਨੂੰ ਮੁਕੱਦਮੇ ਲਈ ਚੀਨ ਨਹੀਂ ਭੇਜਿਆ ਜਾਵੇਗਾ
ਚੀਨੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹਾਂਗ ਕਾਂਗ ਵਿਚ ਹੋਏ ਜੁਰਮਾਂ ਦੇ ਦੋਸ਼ੀਆਂ ਨੂੰ ਨਵੇਂ ਸੁਰੱਖਿਆ ਕਾਨੂੰਨ ਤਹਿਤ ਮੁਕੱਦਮੇ ਦਾ ਸਾਹਮਣਾ ਕਰਨ ਲਈ ਚੀਨ ਨਹੀਂ ਭੇਜਿਆ ਜਾਵੇਗਾ। ਹਾਂਗ ਕਾਂਗ ਸਥਿਤ ਅਖਬਾਰ ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਚੀਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਹਾਂਗ ਕਾਂਗ ਦੇ ਕਾਨੂੰਨ ਵਿਚ ਸ਼ਾਮਲ ਕੀਤਾ ਜਾਵੇਗਾ। ਦੋਸ਼ੀ ਨੂੰ ਇਸ ਕਾਨੂੰਨ ਵਿਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਸਰਹੱਦ ਪਾਰ ਚੀਨੀ ਮੁੱਖ ਭੂਮੀ ਨਹੀਂ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਹਾਂਗ ਕਾਂਗ ਸਰਕਾਰ ਵਲੋਂ ਯੋਜਨਾਬੱਧ ਕਾਨੂੰਨ ਤਹਿਤ ਮੁਲਜ਼ਮ ਨੂੰ ਮੁਕੱਦਮੇ ਲਈ ਚੀਨ ਭੇਜਣ ਦੇ ਵਿਰੁਧ ਵੱਡੇ ਪੱਧਰ ’ਤੇ ਪ੍ਰਦਰਸ਼ਨ ਹੋਏ ਸਨ ਅਤੇ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਜਨਜੀਵਨ ਨੂੰ ਤਕਰੀਬਨ ਇਕ ਸਾਲ ਤਕ ਉਥਲ-ਪੁਥਲ ਕਰ ਕੇ ਰੱਖ ਦਿਤਾ ਸੀ।

ਅਮਰੀਕਾ ਨੇ ਨਵੇਂ ਕਾਨੂੰਨ ਨੂੰ ਹਾਂਗਕਾਂਗ ਦੀ ਆਜ਼ਾਦੀ ’ਤੇ ਹਮਲਾ ਦਸਿਆ
ਅਮਰੀਕਾ, ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਨੇ ਨਵੇਂ ਸੁਰੱਖਿਆ ਕਾਨੂੰਨ ਦੀ ਨਿਖੇਧੀ ਕਰਦਿਆਂ ਇਸ ਨੂੰ ਹਾਂਗ ਕਾਂਗ ਦੇ ਵਸਨੀਕਾਂ ਦੀ ਆਜ਼ਾਦੀ ’ਤੇ ਹਮਲਾ ਦਸਿਆ ਹੈ। ਵਿਸ਼ਵਵਿਆਪੀ ਮਹਾਂਮਾਰੀ ਦੌਰਾਨ ਅਮਰੀਕਾ ਅਤੇ ਚੀਨ ਵਿਚਾਲੇ ਵਧ ਰਹੇ ਤਣਾਅ ਦੇ ਨਾਲ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਾਂਗ ਕਾਂਗ ਲਈ ਚੀਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤੋਂ “ਨਾਖੁਸ਼’’ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬੁਧਵਾਰ ਨੂੰ ਕਾਂਗਰਸ ਨੂੰ ਦਸਿਆ ਕਿ ਟਰੰਪ ਪ੍ਰਸ਼ਾਸਨ ਹੁਣ ਹਾਂਗ ਕਾਂਗ ਨੂੰ ਚੀਨੀ ਖੇਤਰ ਦਾ ਖੁਦਮੁਖਤਿਆਰੀ ਖੇਤਰ ਨਹੀਂ ਮੰਨਦਾ, ਜਿਸ ਨਾਲ ਸਾਬਕਾ ਬ੍ਰਿਟਿਸ਼ ਕਲੋਨੀ ਦੇ ਅਮਰੀਕੀ ਵਪਾਰ ਅਤੇ ਵਿੱਤੀ ਤਰਜੀਹੀ ਵਾਪਸ ਲੈਣ ਦੀ ਸੰਭਾਵਨਾ ਵੱਧ ਗਈ ਹੈ।