ਕੋਰੋਨਾ ਮਹਾਂਮਾਰੀ 2020 ਦੇ ਅੰਤ ਤਕ 8.6 ਕਰੋੜ ਬੱਚਿਆਂ ਨੂੰ ਗਰੀਬੀ ਵਲ ਧੱਕ ਸਕਦੀ ਹੈ: ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਕਾਰਨ 2020 ਦੇ ਆਖਿਰ ਤਕ ਘੱਟ ਅਤੇ ਦਰਮਿਆਨੀ ਆਮਦਨੀ

File Photo

ਸੰਯੁਕਤ ਰਾਸ਼ਟਰ, 28 ਮਈ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਕਾਰਨ 2020 ਦੇ ਆਖਿਰ ਤਕ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਗ਼ਰੀਬ ਘਰਾਂ ਵਿਚ ਰਹਿਣ ਵਾਲੇ ਬੱਚਿਆਂ ਦੀ ਗਿਣਤੀ 8.6 ਕਰੋੜ ਹੋ ਸਕਦੀ ਹੈ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਮੁਤਾਕਬ, ਦੁਨੀਆਂ ਭਰ ’ਚ 56,95,290 ਲੋਕ ਇਸ ਵਾਇਰਸ ਨਾਲ ਪ੍ਰਭਾਵਤ ਹੋਏ ਹਨ, ਜਦੋਂ ਕਿ 3,55,692 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਨੀਸੈਫ ਅਤੇ ਮਾਨਵਤਾਵਾਦੀ ਸੰਗਠਨ ‘ਸੇਵ ਦਿ ਚਿਲਡਰਨ’ ਦੇ ਸਾਂਝੇ ਅਧਿਐਨ ’ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦਾ ਮਹਾਂਮਾਰੀ 2020 ਦੇ ਆਖਿਰ ਤਕ 8.6 ਕਰੋੜ ਹੋਰ ਬੱਚਿਆਂ ਨੂੰ ਪ੍ਰਵਾਰਕ ਗ਼ਰੀਬੀ ਵਲ ਧੱਕ ਸਕਦੀ ਹੈ।

ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਜੇ ਮਹਾਂਮਾਰੀ ਕਾਰਨ ਹੋਣ ਵਾਲੀਆਂ ਵਿੱਤੀ ਮੁਸ਼ਕਲਾਂ ਤੋਂ ਪ੍ਰਵਾਰਾਂ ਨੂੰ ਬਚਾਉਣ ਲਈ ਤੁਰੰਤ ਕਦਮ ਨਾ ਚੁੱਕੇ ਗਏ  ਤਾਂ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਰਾਸ਼ਟਰੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਬੱਚਿਆਂ ਦੀ ਕੁੱਲ ਗਿਣਤੀ ਸਾਲ ਦੇ ਆਖਿਰ ਤਕ 67.2 ਕਰੋੜ ਪਹੁੰਚ ਸਕਦੀ ਹੈ। ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ ਲਗਭਗ ਦੋ ਤਿਹਾਈ ਬੱਚੇ ਉਪ-ਸਹਾਰਾ ਅਫ਼ਰੀਕਾ ਅਤੇ ਦਖਣੀ ਏਸ਼ੀਆ ’ਚ ਰਹਿੰਦੇ ਹਨ। ਸਭ ਤੋਂ ਵੱਧ 44 ਫ਼ੀ ਸਦੀ ਵਾਧਾ ਯੂਰਪ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਵਿਚ ਦੇਖਿਆ ਜਾ ਸਕਦਾ ਹੈ। ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਵਿਚ 22 ਫ਼ੀ ਸਦੀ ਵਾਧਾ ਵੇਖਿਆ ਜਾ ਸਕਦਾ ਹੈ।    
    (ਪੀਟੀਆਈ)