ਮਾਊਂਟ ਐਵਰੈਸਟ ਦੀ ਚੜ੍ਹਾਈ ਦੀ 70ਵੀਂ ਵਰ੍ਹੇਗੰਢ ਮੌਕੇ ਕੀਤਾ ਗਿਆ ਦਰਜਨਾਂ ਪਰਬਤਾਰੋਹੀਆਂ ਦਾ ਸਨਮਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਦਰਜਨਾਂ ਪਰਬਤਾਰੋਹੀਆਂ ਨੂੰ ਦਿਤੇ ਗਏ ਚਾਂਦੀ ਦੇ ਤਮਗ਼ੇ 

Mount Everest

ਕਾਠਮਾਂਡੂ: ਨੇਪਾਲ ਨੇ ਸੋਮਵਾਰ ਨੂੰ ਪਰਬਤਾਰੋਹੀ ਐਡਮੰਡ ਹਿਲੇਰੀ ਅਤੇ ਤੇਨਜਿੰਗ ਨੌਰਗੇ ਦੁਆਰਾ ਮਾਊਂਟ ਐਵਰੈਸਟ ਦੀ ਪਹਿਲੀ ਚੜ੍ਹਾਈ ਦੀ 70ਵੀਂ ਵਰ੍ਹੇਗੰਢ ਦੇ ਮੌਕੇ 'ਤੇ ਰਿਕਾਰਡ ਕਾਇਮ ਕਰਨ ਵਾਲੇ ਸ਼ੇਰਪਾ ਗਾਈਡਾਂ ਅਤੇ ਪਰਬਤਾਰੋਹੀਆਂ ਨੂੰ ਸਨਮਾਨਤ ਕੀਤਾ।

ਨਿਊਜ਼ੀਲੈਂਡ ਦੇ ਇੱਕ ਮਧੂ ਮੱਖੀ ਪਾਲਕ ਐਡਮੰਡ ਹਿਲੇਰੀ ਅਤੇ ਉਸ ਦੇ ਸ਼ੇਰਪਾ ਗਾਈਡ ਤੇਨਜਿੰਗ ਨੌਰਗੇ ਨੇ ਅੱਜ ਦੇ ਦਿਨ ਭਾਵ 29 ਮਈ 1953 ਨੂੰ ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਨੂੰ ਜਿੱਤ ਕੇ ਇਤਿਹਾਸ ਰਚਿਆ ਸੀ। ਹਜ਼ਾਰਾਂ ਸ਼ੇਰਪਾ ਗਾਈਡਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਐਵਰੈਸਟ ਚੜ੍ਹਾਈ ਦੀ 70ਵੀਂ ਵਰ੍ਹੇਗੰਢ ਨੂੰ ਮਨਾਉਣ ਲਈ "ਹਿਮਾਲਿਆ ਬਚਾਉ" ਲਿਖੇ ਬੈਨਰ ਲਹਿਰਾਉਂਦੇ ਹੋਏ ਇਥੇ ਇਕ ਰੈਲੀ ਵਿਚ ਹਿੱਸਾ ਲਿਆ। 

ਸ਼ੇਰਪਾ ਗਾਈਡ ਕਾਮੀ ਰੀਤਾ ਗੁਆਂਢੀ ਦੇਸ਼ ਨੇਪਾਲ  ਵਲੋਂ ਕਰਵਾਏ ਗਏ ਸਮਾਗਮ ਵਿਚ ਸਨਮਾਨਤ ਹੋਣ ਵਾਲਿਆਂ ਵਿਚ ਸ਼ਾਮਲ ਸੀ। ਉਹ ਰਿਕਾਰਡ 28 ਵਾਰ ਐਵਰੈਸਟ 'ਤੇ ਚੜ੍ਹ ਚੁੱਕਾ ਹੈ। ਇਸ ਤੋਂ ਇਲਾਵਾ ਸ਼ਾਨੂ ਸ਼ੇਰਪਾ ਨੂੰ ਵੀ ਸਨਮਾਨਤ ਕੀਤਾ ਗਿਆ। ਉਹ ਦੁਨੀਆਂ ਦੀਆਂ ਸਾਰੀਆਂ 14 ਉੱਚੀਆਂ ਚੋਟੀਆਂ 'ਤੇ ਦੋ ਵਾਰ ਚੜ੍ਹ ਚੁੱਕਾ ਹੈ।

ਇਹ ਵੀ ਪੜ੍ਹੋ:  ਇਮਰਾਨ ਖ਼ਾਨ ਨਾਲ ਗੱਲਬਾਤ ਤਾਂ ਹੀ ਸੰਭਵ ਹੈ ਜੇਕਰ ਉਹ 9 ਮਈ ਦੀ ਘਟਨਾ ਲਈ ਦੇਸ਼ ਤੋਂ ਮੁਆਫ਼ੀ ਮੰਗਣ : ਮੰਤਰੀ ਡਾਰ

ਨੇਪਾਲ ਦੀ ਸੈਰ ਸਪਾਟਾ ਮੰਤਰੀ ਸੁਸ਼ੀਲਾ ਸਿਰਪਾਲੀ ਠਾਕੁਰੀ ਨੇ ਵੀ ਐਵਰੈਸਟ 'ਤੇ ਚੜ੍ਹਨ ਵਾਲੇ ਹਰੀ ਬੁੱਧ ਮਗਰ ਨੂੰ ਸਨਮਾਨਤ ਕੀਤਾ। ਹਰੀ ਦੋਵੇਂ ਲੱਤਾਂ ਤੋਂ ਅਪਾਹਜ ਹੈ। ਇਸ ਮੌਕੇ ਰੂਸ, ਉੱਤਰੀ ਅਮਰੀਕਾ, ਫ਼ਰਾਂਸ ਅਤੇ ਨੇਪਾਲ ਦੇ ਦਰਜਨਾਂ ਪਰਬਤਾਰੋਹੀਆਂ ਨੂੰ ਚਾਂਦੀ ਦੇ ਤਮਗ਼ੇ ਦਿਤੇ ਗਏ। ਮੈਡਲ 'ਤੇ ਐਵਰੈਸਟ ਦਾ ਚਿੰਨ੍ਹ ਲਿਖਿਆ ਹੋਇਆ ਹੈ।

ਪੁਰਸਕਾਰ ਜੇਤੂਆਂ ਵਿਚ ਇਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ ਜਿਸ ਨੇ 2021 ਵਿਚ 8,848.86 ਮੀਟਰ ਉੱਚੀ ਐਵਰੈਸਟ ਚੋਟੀ ਨੂੰ ਸਰ ਕੀਤਾ ਸੀ। ਨੇਪਾਲ ਮਾਊਂਟੇਨੀਅਰਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੋਹਨ ਲਮਸਾਲ ਨੇ ਕਿਹਾ, ''ਪਹਿਲੀ ਵਾਰ ਅਸੀਂ ਐਵਰੈਸਟ 'ਤੇ ਚੜ੍ਹਨ ਵਾਲੇ ਸਥਾਨਕ ਅਤੇ ਵਿਦੇਸ਼ੀ ਪਰਬਤਾਰੋਹੀਆਂ ਨੂੰ ਤਮਗ਼ੇ ਦੇ ਰਹੇ ਹਾਂ।

ਅਧਿਕਾਰੀਆਂ ਨੇ ਦਸਿਆ ਕਿ ਨੌਰਗੇ ਅਤੇ ਹਿਲੇਰੀ ਦੇ ਪ੍ਰਵਾਰਾਂ ਦੇ ਸਨਮਾਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸੱਤ ਦਹਾਕੇ ਪਹਿਲਾਂ ਉਨ੍ਹਾਂ ਦੇ ਸਖ਼ਤ ਯਤਨਾਂ ਤੋਂ ਬਾਅਦ, ਹੁਣ ਤਕ 7,621 ਪਰਬਤਾਰੋਹੀ ਐਵਰੈਸਟ 'ਤੇ ਚੜ੍ਹ ਚੁੱਕੇ ਹਨ। ਨੇਪਾਲ ਦੇ ਸੈਰ-ਸਪਾਟਾ ਵਿਭਾਗ ਅਨੁਸਾਰ, ਇਸ ਬਸੰਤ ਰੁੱਤ ਵਿਚ 600 ਤੋਂ ਵੱਧ ਪਰਬਤਾਰੋਹੀਆਂ ਨੇ ਐਵਰੈਸਟ ਨੂੰ ਸਰ ਕੀਤਾ ਹੈ।

ਉਨ੍ਹਾਂ ਦਸਿਆ ਕਿ ਐਵਰੈਸਟ ਦੀ ਚੜ੍ਹਾਈ ਦਾ ਸੀਜ਼ਨ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਦੇ ਅੰਤ ਤਕ ਖ਼ਤਮ ਹੋ ਜਾਂਦਾ ਹੈ ਕਿਉਂਕਿ ਇਸ ਤੋਂ ਬਾਅਦ ਮਾਨਸੂਨ ਦੀਆਂ ਹਵਾਵਾਂ ਚੱਲਣ ਅਤੇ ਬਰਫ਼ ਪਿਘਲਣ ਕਾਰਨ ਚੜ੍ਹਾਈ ਮੁਸ਼ਕਲ ਹੋ ਜਾਂਦੀ ਹੈ।ਨੇਪਾਲ ਸਰਕਾਰ ਹਰ ਸਾਲ 29 ਮਈ ਨੂੰ ਮਾਊਂਟ ਐਵਰੈਸਟ ਦਿਵਸ ਵਜੋਂ ਮਨਾਉਂਦੀ ਹੈ, ਕਿਉਂਕਿ ਇਸ ਤਰੀਕ ਨੂੰ ਪਹਿਲੀ ਵਾਰ ਐਵਰੈਸਟ ਦੀ ਚੜ੍ਹਾਈ ਕੀਤੀ ਗਈ ਸੀ। ਇਤਫ਼ਾਕਨ ਨੇਪਾਲ ਵਿਚ ਵੀ 29 ਮਈ ਨੂੰ ਹੀ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।