UAE 'ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਬਣੀ ਹੜ੍ਹ ਵਰਗੀ ਸਥਿਤੀ
ਯੂ.ਏ.ਈ. ਦੇ ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ
ਯੂ.ਏ.ਈ.: ਸਾਊਦੀ ਅਰਬ ਅਮੀਰਾਤ (UAE) ਦੇ ਪੂਰਬੀ ਹਿੱਸਿਆਂ 'ਚ ਭਾਰੀ ਬਾਰਸ਼ ਕਾਰਨ ਆਏ ਹੜ੍ਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਹੜ੍ਹ ਕਾਰਨ ਕਈ ਘਰ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਏ ਜਦਕਿ ਕਈ ਨੁਕਸਾਨੇ ਗਏ ਹਨ।
ਕਈ ਥਾਵਾਂ 'ਤੇ ਕਾਰਾਂ ਪਾਣੀ ਵਿਚ ਫਸੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। UAE ਦੇ ਹਾਲਾਤ ਬਿਆਨ ਕਰਦਿਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਕੁੱਲ ਮਿਲਾ ਕੇ, ਹੜ੍ਹਾਂ ਨੇ ਨਿੱਜੀ ਅਤੇ ਜਨਤਕ ਜਾਇਦਾਦਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਦੱਸਣਯੋਗ ਹੈ ਕਿ ਕਤਰ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਵੀਰਵਾਰ ਨੂੰ ਮੋਹਲੇਧਾਰ ਮੀਂਹ ਪਿਆ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਹੋਟਲਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ।
ਇਸ ਦੇ ਨਾਲ ਹੀ ਮੀਂਹ ਨੇ ਯੂ.ਏ.ਈ. ਦੇ ਪੂਰਬੀ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ, ਜਿਸ ਨਾਲ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਵਾਹਨ ਵਹਿ ਗਏ। ਖਲੀਜ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਮੌਸਮ ਵਿੱਚ ਇਸ ਅਚਾਨਕ ਤਬਦੀਲੀ ਦੇ ਕਾਰਨ, ਯੂ.ਏ.ਈ. ਦੇ ਮੌਸਮ ਵਿਭਾਗ ਨੇ 'ਖਤਰਨਾਕ ਮੌਸਮ ਦੀਆਂ ਘਟਨਾਵਾਂ' ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਸਥਾਨਕ ਮੌਸਮ ਵਿਭਾਗ ਅਨੁਸਾਰ ਇਸ ਮੀਂਹ ਨੇ ਦੇਸ਼ ਵਿੱਚ 27 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਫਿਲਹਾਲ ਕੋਈ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਕਤਰ ਦੀ ਸਥਿਤੀ ਯੂ.ਏ.ਈ. ਵਰਗੀ ਹੈ। ਮੀਂਹ ਤੋਂ ਬਾਅਦ ਰਾਜਧਾਨੀ ਦੋਹਾ ਵਿੱਚ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹਤ ਕਰਮਚਾਰੀ ਹੜ੍ਹ 'ਚ ਫਸੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਲਈ 24 ਘੰਟੇ ਕੰਮ ਕਰ ਰਹੇ ਹਨ।