ਪਾਕਿਸਤਾਨ ਆਉਣ ਵਾਲੇ ਸਾਲਾਂ ’ਚ ਮਾਰੂਥਲ 'ਚ ਬਦਲ ਸਕਦੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਡਬਲਿਊ.ਏ. ਐਸ. ਏ. ਦੀ ਚਿਤਾਵਨੀ ਕਿ ਦੇਸ਼ ’ਚ ਪਾਣੀ ਦਾ ਸੰਕਟ ਹੋਰ ਡੂੰਘਾ ਹੋਵੇਗਾ

Pakistan

 

ਇਸਲਾਮਾਬਾਦ: ਇਸਲਾਮਾਬਾਦ, 28 ਅਗੱਸਤ: ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਆਉਣ ਵਾਲੇ ਸਾਲਾਂ ਵਿਚ ਮਾਰੂਥਲ ਦਾ ਰੂਪ ਧਾਰ ਲਵੇਗਾ ਕਿਉਂਕਿ ਦੇਸ਼ ਅੰਦਰ ਪਾਣੀ ਦੀ ਪਾਣੀ ਦੀ ਸਮੱਸਿਆ ਬਹੁਤ ਵੱਡੀ ਹੋ ਗਈ ਹੈ। ਪਾਕਿਸਤਾਨ ਦੀ ਜਲ ਅਤੇ ਸਵੱਛਤਾ ਏਜੰਸੀ (ਡਬਲਿਊ.ਏ. ਐਸ. ਏ.) ਨੇ ਚਿਤਾਵਨੀ ਦਿਤੀ ਹੈ ਕਿ ਖ਼ਾਨਪੁਰ ਬੰਨ੍ਹ ਦੇ ਪਾਣੀ ਦੇ ਪੱਧਰ ’ਚ 44 ਫ਼ੁੱਟ ਦੀ ਕਮੀ ਕਾਰਨ ਆਉਣ ਵਾਲੇ ਹਫ਼ਤਿਆਂ ਵਿਚ ਰਾਵਲਪਿੰਡੀ ਅਤੇ ਇਸਲਾਮਾਬਾਦ ਦੇ ਲੋਕਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

 

ਦਿ ਨਿਊਜ਼ ਇੰਟਰਨੈਸ਼ਨਲ ਨੇ ਦਸਿਆ ਕਿ ਖ਼ਾਨਪੁਰ ਬੰਨ੍ਹ ’ਚ ਪਾਣੀ ਦਾ ਪੱਧਰ 1982 ਫ਼ੁੱਟ ਦੀ ਸਮਰਥਾ ਦੇ ਮੁਕਾਬਲੇ 1938 ਫ਼ੁਟ ਤਕ ਡਿੱਗ ਗਿਆ ਹੈ। ਇਹ ਪਾਕਿਸਤਾਨ ਦੇ ਪ੍ਰਮੁੱਖ ਭੰਡਾਰਾਂ ’ਚੋਂ ਇਕ ਹੈ, ਜੋ ਇਨ੍ਹਾਂ ਜੁੜਵੇਂ ਸ਼ਹਿਰਾਂ ਵਿਚ ਪਾਣੀ ਦੀ ਸਪਲਾਈ ਕਰਦਾ ਹੈ।  ਡਬਲਿਊ.ਏ. ਐਸ. ਏ. ਨੇ ਚਿਤਾਵਨੀ ਦਿਤੀ ਕਿ ਵਸਨੀਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਪੀਣ ਵਾਲੇ ਪਾਣੀ ਨੂੰ ਲੈ ਕੇ ਵੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

 

ਡਬਲਿਊ.ਏ. ਐਸ. ਏ. ਦੇ ਮੈਨੇਜਰ ਡਾਇਰੈਕਟਰ ਰਾਜਾ ਸ਼ੌਕਤ ਮਹਿਮੂਦ ਨੇ ਵੀ ਕਿਹਾ ਕਿ ਅਧਿਕਾਰੀਆਂ ਨੂੰ ਸਥਿਤੀ ਨੂੰ ਕੰਟਰੋਲ ਕਰਨ ਲਈ ਤੁਰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਇਲਾਕਿਆਂ ਵਿਚ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਡਿੱਗ ਸਕਦਾ ਹੈ। 

 

ਉਨ੍ਹਾਂ ਕਿਹਾ ਕਿ ਟਿਊਬਵੈੱਲ ਤੋਂ ਪਾਣੀ ਦੇਣਾ ਮੁਸ਼ਕਲ ਹੈ, ਅਸੀਂ ਖ਼ਾਨਪੁਰ ਬੰਨ੍ਹ ਦੀ ਪਾਣੀ ਦੀ ਸਪਲਾਈ ’ਤੇ ਨਿਰਭਰ ਹਾਂ। ਅਧਿਕਾਰੀਆਂ ਨੇ ਪਾਣੀ ਦੀ ਕਮੀ ਦੇ ਪਿੱਛੇ ਦਾ ਕਾਰਨ ਦੋਹਾਂ ਸ਼ਹਿਰਾਂ ’ਚ ਘੱਟ ਮੀਂਹ ਪੈਣਾ ਮੰਨਿਆ ਹੈ। ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਮਾਹਰਾਂ ਨੇ ਚਿਤਾਵਨੀ ਦਿਤੀ ਸੀ ਕਿ ਜੇਕਰ ਇਸ ਮੁੱਦੇ ਦਾ ਹੱਲ ਨਹੀਂ ਕਢਿਆ ਗਿਆ ਤਾਂ ਪੂਰੇ ਦੇਸ਼ ਵਿਚ ਪਾਣੀ ਦੀ ਕਮੀ ਕਾਰਨ ਪਾਕਿਸਤਾਨ ਵਿਚ ਸੋਕੇ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਰਿਪੋਰਟ ਮੁਤਾਬਕ ਜੇਕਰ ਪਾਣੀ ਦੀ ਬਰਬਾਦੀ ਨਹੀਂ ਰੁਕੀ ਤਾਂ ਪਾਕਿਸਤਾਨ ਨੂੰ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ’ਤੇ ਕਦਮ ਨਾ ਚੁਕੇ ਗਏ ਤਾਂ ਦਖਣੀ ਏਸ਼ੀਆ ਵਿਚ ਥਾਰ ਮਾਰੂਥਲ ਵਰਗਾ ਇਕ ਹੋਰ ਮਾਰੂਥਲ ਪੈਦਾ ਹੋ ਜਾਵੇਗਾ।