ਪ੍ਰੋਸੈਸਿੰਗ 'ਚ ਹੈ ਪੰਜਾਬ ਦੇ 15 ਹਜ਼ਾਰ ਬੱਚਿਆਂ ਦਾ ਸਟੱਡੀ ਵੀਜ਼ਾ, ਕੈਨੇਡਾ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ- ਫਿਲਹਾਲ ਡਿਸਟੈਂਸ ਲਰਨਿੰਗ ਰਾਹੀਂ ਪੂਰੀ ਕਰੋ ਪੜ੍ਹਾਈ 

Canada Study Visa

ਫ਼ੋਨ ਦੀ ਬਜਾਏ E-mail ਜ਼ਰੀਏ ਸੰਪਰਕ ਕਰਨ ਦੀ ਦਿਤੀ ਹਦਾਇਤ 
ਮੁਹਾਲੀ : ਸਤੰਬਰ ਸੈਸ਼ਨ ਲਈ ਭਾਰਤੀ ਵਿਦਿਆਰਥੀਆਂ ਦੀ ਵਧਦੀ ਉਡੀਕ ਨੂੰ ਦੇਖਦੇ ਹੋਏ, ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਡਿਸਟੈਂਸ ਲਰਨਿੰਗ ਰਾਹੀਂ ਪੜ੍ਹਾਈ ਸ਼ੁਰੂ ਕਰ ਸਕਦੇ ਹਨ। ਇਸ ਸਮੇਂ 75 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਨ੍ਹਾਂ ਸਾਰਿਆਂ ਨੂੰ ਸਤੰਬਰ ਤੱਕ ਵੀਜ਼ਾ ਮਿਲਣਾ ਮੁਸ਼ਕਿਲ ਹੀ ਲਗਦਾ ਹੈ।

ਦੱਸ ਦੇਈਏ ਕਿ ਇਨ੍ਹਾਂ 75 ਹਜ਼ਾਰ ਵਿਦਿਆਰਥੀਆਂ ਵਿੱਚੋਂ 15 ਹਜ਼ਾਰ ਇਕੱਲੇ ਪੰਜਾਬ ਦੇ ਹਨ। ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਕੈਨੇਡਾ ਦੇ ਵਿਦੇਸ਼ ਮਾਮਲਿਆਂ ਅਤੇ ਇਮੀਗ੍ਰੇਸ਼ਨ ਮੰਤਰਾਲੇ ਦੇ ਸੰਪਰਕ ਵਿੱਚ ਹੈ। ਸਟੱਡੀ ਵੀਜ਼ਾ ਮਾਹਰਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਫੀਸਾਂ ਭਰ ਚੁੱਕੇ ਵਿਦਿਆਰਥੀ ਘਬਰਾਏ ਹੋਏ ਹਨ ਅਤੇ ਉਹ ਲਗਾਤਾਰ ਫ਼ੋਨ ਕਰ ਰਹੇ ਹਨ। ਜਿਸ 'ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਦਾਇਤ ਦਿਤੀ ਹੈ ਕਿ ਫੋਨ ਕਾਲ ਨਾ ਕੀਤੀ ਜਾਵੇ ਇਸ ਦੀ ਬਜਾਏ ਈਮੇਲ ਜ਼ਰੀਏ ਸੰਪਰਕ ਕੀਤਾ ਜਾਵੇ ਅਤੇ ਐਪਲੀਕੇਸ਼ਨ ਨੰਬਰ ਭੇਜ ਕੇ ਆਪਣੇ ਜਵਾਬ ਦੀ ਉਡੀਕ ਕੀਤੀ ਜਾਵੇ।

ਕੁਝ ਯੂਨੀਵਰਸਿਟੀਆਂ ਕੈਨੇਡਾ ਪਹੁੰਚਣ ਵਿੱਚ ਅਸਮਰੱਥ ਵਿਦਿਆਰਥੀਆਂ ਲਈ ਡਿਸਟੈਂਸ ਲਰਨਿੰਗ ਦੇ ਵਿਕਲਪ ਪੇਸ਼ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀ ਨੂੰ ਮਸ਼ਵਰਾ ਦਿਤਾ ਹੈ ਕਿ ਇਸ ਬਾਰੇ ਪਤਾ ਲਗਾਇਆ ਜਾਵੇ ਕਿ ਇਹ ਸਹੂਲਤ ਕਿਸ ਕੋਰਸ ਵਿੱਚ ਉਪਲਬਧ ਹੈ ਜਿਸ ਤੋਂ ਬਾਅਦ ਪੜ੍ਹਾਈ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਆਪਣੇ ਪੱਧਰ 'ਤੇ ਵਿਦਿਆਰਥੀਆਂ ਨਾਲ ਸੰਪਰਕ ਕਰ ਰਿਹਾ ਹੈ ਅਤੇ ਵੀਜ਼ਾ ਪ੍ਰਕਿਰਿਆ ਸਬੰਧੀ ਜਾਣਕਾਰੀ ਅੱਪਡੇਟ ਕਰ ਰਿਹਾ ਹੈ। ਜਿਹੜੇ ਵਿਦਿਆਰਥੀ ਦਾਖ਼ਲਾ ਰੱਦ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਅਸੀਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਰਗੇ ਹੋਰ ਵਿਕਲਪਾਂ ਬਾਰੇ ਦੱਸ ਰਹੇ ਹਾਂ।