ਇਮਰਾਨ ਖ਼ਾਨ ਨੂੰ ਰਾਹਤ ਤੋਂ ਬਾਅਦ ਝਟਕਾ, ਰਿਹਾਈ ਤੋਂ ਬਾਅਦ ਹੁਣ ਸਿਫ਼ਰ ਮਾਮਲੇ 'ਚ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੱਲ੍ਹ ਹੋਵੇਗੀ ਅਦਾਲਤ 'ਚ ਪੇਸ਼ੀ 

Imran Khan

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸੀਬਤਾਂ ਅਜੇ ਵੀ ਨਹੀਂ ਘੱਟ ਰਹੀਆਂ। ਤੋਸ਼ਾਖਾਨਾ ਮਾਮਲੇ 'ਚ ਰਾਹਤ ਮਿਲਣ ਨੂੰ ਅਜੇ ਕੁਝ ਮਿੰਟ ਵੀ ਨਹੀਂ ਹੋਏ ਸਨ ਕਿ ਇਮਰਾਨ ਖਾਨ ਨੂੰ ਇਕ ਹੋਰ ਮਾਮਲੇ 'ਚ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਮਰਾਨ ਖਾਨ ਨੂੰ ਸਿਫ਼ਰ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਹੀ ਇਸਲਾਮਾਬਾਦ ਹਾਈ ਕੋਰਟ ਨੇ ਤੋਸ਼ਾਖਾਨਾ ਕੇਸ ਦੇ ਫ਼ੈਸਲੇ ਨੂੰ ਮੁਅੱਤਲ ਕਰਦਿਆਂ ਉਹਨਾਂ ਦੀ ਰਿਹਾਈ ਦੇ ਹੁਕਮ ਦਿੱਤੇ ਸਨ। 

ਪਾਕਿਸਤਾਨੀ ਟੀਵੀ ਚੈਨਲ ਸਮਾ ਟੀਵੀ ਮੁਤਾਬਕ ਇਮਰਾਨ ਖ਼ਾਨ ਨੂੰ ਸਿਫ਼ਰ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 30 ਅਗਸਤ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਆਫੀਸ਼ੀਅਲ ਸੀਕ੍ਰੇਟ ਐਕਟ ਕੋਰਟ ਦੇ ਜੱਜ ਅਬੁਲ ਹਸਨਤ ਜ਼ੁਲਕੁਰਨੈਨ ਨੇ ਇਹ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ, ਇਸਲਾਮਾਬਾਦ ਹਾਈ ਕੋਰਟ ਨੇ ਮੰਗਲਵਾਰ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੋਸ਼ੀ ਠਹਿਰਾਉਣ ਅਤੇ ਤਿੰਨ ਸਾਲ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਸੀ।

ਦਰਅਸਲ, ਚੀਫ਼ ਜਸਟਿਸ ਆਮਿਰ ਫਾਰੂਕ ਅਤੇ ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਦੀ ਡਿਵੀਜ਼ਨ ਬੈਂਚ ਨੇ ਇਹ ਫ਼ੈਸਲਾ ਸੁਣਾਇਆ। ਡਿਵੀਜ਼ਨ ਬੈਂਚ ਨੇ ਮਾਮਲੇ 'ਚ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਇਮਰਾਨ ਦੀ ਪਟੀਸ਼ਨ 'ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੋਮਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸਲਾਮਾਬਾਦ ਦੀ ਇਕ ਸੈਸ਼ਨ ਅਦਾਲਤ ਨੇ 5 ਅਗਸਤ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ 70 ਸਾਲਾ ਪ੍ਰਧਾਨ ਇਮਰਾਨ ਖਾਨ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।