ਮੌਰੀਤਾਨੀਆ: ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟ ਗਈ, 49 ਲੋਕਾਂ ਦੀ ਮੌਤ
ਮੌਰੀਤਾਨੀਆ ਦੇ ਤੱਟ ਰੱਖਿਅਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਨੂਆਕਚੌਟ: ਇਸ ਹਫ਼ਤੇ ਅਫ਼ਰੀਕੀ ਦੇਸ਼ ਗੈਂਬੀਆ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਸਮੁੰਦਰ ਵਿੱਚ ਪਲਟਣ ਨਾਲ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ। ਮੌਰੀਤਾਨੀਆ ਦੇ ਤੱਟ ਰੱਖਿਅਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਤੱਟ ਰੱਖਿਅਕ ਮੁਖੀ ਮੁਹੰਮਦ ਅਬਦੁੱਲਾ ਨੇ ਨਿਊਜ਼ ਏਜੰਸੀ 'ਏਪੀ' ਨੂੰ ਦੱਸਿਆ ਕਿ ਕਿਸ਼ਤੀ ਗੈਂਬੀਆ ਤੋਂ ਰਵਾਨਾ ਹੋਈ ਸੀ ਅਤੇ ਮੰਗਲਵਾਰ ਸਵੇਰੇ ਮਹਜੇਰਾਤ ਤੱਟ ਦੇ ਨੇੜੇ ਪਲਟ ਗਈ।
ਅਬਦੁੱਲਾ ਨੇ ਕਿਹਾ, "ਕਿਸ਼ਤੀ ਇੱਕ ਹਫ਼ਤਾ ਪਹਿਲਾਂ ਗੈਂਬੀਆ ਤੋਂ ਰਵਾਨਾ ਹੋਈ ਸੀ। ਇਸ ਵਿੱਚ 160 ਪ੍ਰਵਾਸੀ ਸਵਾਰ ਸਨ, ਜਿਨ੍ਹਾਂ ਵਿੱਚ ਸੇਨੇਗਲ ਅਤੇ ਗੈਂਬੀਆ ਦੇ ਨਾਗਰਿਕ ਵੀ ਸ਼ਾਮਲ ਸਨ।"
ਉਨ੍ਹਾਂ ਕਿਹਾ, "ਜਦੋਂ ਪ੍ਰਵਾਸੀਆਂ ਨੇ ਮਹਜੇਰਾਤ ਤੱਟ ਦੇ ਨੇੜੇ ਲਾਈਟਾਂ ਜਗਦੀਆਂ ਦੇਖੀਆਂ, ਤਾਂ ਉਨ੍ਹਾਂ ਨੇ ਕਿਸ਼ਤੀ ਦੇ ਇੱਕ ਹਿੱਸੇ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਹ ਪਲਟ ਗਈ।"
ਅਬਦੁੱਲਾ ਦੇ ਅਨੁਸਾਰ, ਕਿਸ਼ਤੀ ਵਿੱਚ ਸਵਾਰ 49 ਪ੍ਰਵਾਸੀਆਂ ਦੀਆਂ ਲਾਸ਼ਾਂ ਕੰਢੇ ਵੱਲ ਰੁੜ੍ਹ ਗਈਆਂ ਹਨ, ਜਦੋਂ ਕਿ 17 ਲੋਕਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰਾਂ ਦੀ ਭਾਲ ਜਾਰੀ ਹੈ।