Russia ਨੇ ਕੀਵ 'ਚ ਡਰੋਨ ਤੇ ਮਿਜ਼ਾਈਲਾਂ ਨਾਲ ਕੀਤਾ ਵੱਡਾ ਹਮਲਾ, 12 ਮੌਤਾਂ, 48 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਕ੍ਰੇਨੀ ਹਵਾਈ ਸੈਨਾ ਅਨੁਸਾਰ ਰੂਸ ਨੇ ਦੇਸ਼ ਭਰ ਵਿਚ 598 ਡਰੋਨ ਅਤੇ ਵੱਖ-ਵੱਖ ਕਿਸਮਾਂ ਦੀਆਂ 31 ਮਿਜ਼ਾਈਲਾਂ ਦਾਗ਼ੀਆਂ

Russia launches major attack in Kiev with drones and missiles

Russia launches major attack in Kiev with drones and missiles: ਰੂਸ ਨੇ ਵੀਰਵਾਰ ਤੜਕੇ ਯੂਕ੍ਰੇਨ ਦੀ ਰਾਜਧਾਨੀ ਕੀਵ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 12 ਲੋਕ ਮਾਰੇ ਗਏ ਅਤੇ 48 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। 3 ਸਾਲ ਤੋਂ ਜਾਰੀ ਜੰਗ ਨੂੰ ਖ਼ਤਮ ਕਰਨ ਲਈ ਅਮਰੀਕਾ ਦੀ ਅਗਵਾਈ ਵਾਲੇ ਸ਼ਾਂਤੀ ਯਤਨਾਂ ਦੀ ਅਸਫ਼ਲਤਾ ਵਿਚਕਾਰ ਪਿਛਲੇ ਕੁੱਝ ਹਫ਼ਤਿਆਂ ਵਿਚ ਕੀਵ ’ਤੇ ਰੂਸ ਦਾ ਇਹ ਪਹਿਲਾ ਵੱਡਾ ਹਮਲਾ ਹੈ।

ਯੂਕ੍ਰੇਨੀ ਹਵਾਈ ਸੈਨਾ ਅਨੁਸਾਰ ਰੂਸ ਨੇ ਦੇਸ਼ ਭਰ ਵਿਚ 598 ਡਰੋਨ ਅਤੇ ਵੱਖ-ਵੱਖ ਕਿਸਮਾਂ ਦੀਆਂ 31 ਮਿਜ਼ਾਈਲਾਂ ਦਾਗ਼ੀਆਂ, ਜਿਸ ਨਾਲ ਇਹ ਯੁੱਧ ਦੇ ਸੱਭ ਤੋਂ ਵੱਡੇ ਹਵਾਈ ਹਮਲਿਆਂ ਵਿਚੋਂ ਇਕ ਬਣ ਗਿਆ। ਕੀਵ ਸ਼ਹਿਰ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਾਕਾਚੇਂਕੋ ਨੇ ਕਿਹਾ ਕਿ ਮ੍ਰਿਤਕਾਂ ਵਿਚ 2, 14 ਅਤੇ 17 ਸਾਲ ਦੇ 3 ਨਾਬਾਲਗ਼ ਸ਼ਾਮਲ ਹਨ। ਬਚਾਅ ਟੀਮਾਂ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਹਮਲੇ ਤੋਂ ਬਾਅਦ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘ਰੂਸ ਗੱਲਬਾਤ ਦੀ ਮੇਜ਼ ਦੀ ਬਜਾਏ ਬੈਲਿਸਟਿਕ ਹਥਿਆਰਾਂ ਨੂੰ ਚੁਣਦਾ ਹੈ। ਅਸੀਂ ਦੁਨੀਆਂ ਦੇ ਉਨ੍ਹਾਂ ਸਾਰੇ ਲੋਕਾਂ ਤੋਂ ਜਵਾਬ ਦੀ ਉਮੀਦ ਕਰਦੇ ਹਾਂ ਜਿਨ੍ਹਾਂ ਨੇ ਸ਼ਾਂਤੀ ਦੀ ਮੰਗ ਕੀਤੀ ਸੀ ਪਰ ਹੁਣ ਅਕਸਰ ਸਿਧਾਂਤਕ ਸਟੈਂਡ ਲੈਣ ਦੀ ਬਜਾਏ ਚੁੱਪ ਰਹਿੰਦੇ ਹਨ।’ ਰੂਸ ਦੇ ਰਖਿਆ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਰਾਤੋ-ਰਾਤ 102 ਯੂਕ੍ਰੇਨੀ ਡਰੋਨਾਂ ਨੂੰ ਡੇਗ ਦਿਤਾ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੇਸ਼ ਦੇ ਦੱਖਣ-ਪੱਛਮ ਵਿਚ ਡੇਗੇ ਗਏ। (ਏਜੰਸੀ)

(For more news apart from “Russia launches major attack in Kiev with drones and missiles, ” stay tuned to Rozana Spokesman.)