ਗੁਰਦੁਆਰਾ ਪੰਜਾ ਸਾਹਿਬ ’ਚ ਫ਼ਿਲਮ ਸ਼ੂਟ ਨੂੰ ਲੈ ਕੇ ਭੜਕਿਆਂ ਸਿੱਖ ਭਾਈਚਾਰਾ ਕਿਹਾ- ਮੁਸਲਿਮ ਕਲਾਕਾਰਾਂ ਨੇ ਸਿੱਖ ਮਰਿਯਾਦਾ ਦੀ ਕੀਤੀ ਉਲੰਘਣਾ
ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਫ਼ਿਲਮ ਯੂਨਿਟ ਨੂੰ ਦਿੱਤੀ ਚਿਤਾਵਨੀ
ਲਾਹੌਰ: ਪਾਕਿਸਤਾਨੀ ਸਿੱਖ ਭਾਈਚਾਰੇ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਅੰਦਰ ਫ਼ਿਲਮ ਦੀ ਸ਼ੂਟਿੰਗ ਕਰਨ ਤੇ ਗੈਰ-ਸਿੱਖਾਂ ਵੱਲੋਂ ਸਿੱਖਾਂ ਦਾ ਪਹਿਰਾਵਾ ਪਹਿਨਣ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਸਿੱਖਾਂ ਨੇ ਦੱਸਿਆ ਕਿ ਪੰਜਾਬੀ ਫ਼ਿਲਮ ‘ਲਾਹੌਰ ਲਾਹੌਰ ਏ’ ਦੇ ਦਰਜਨ ਤੋਂ ਵੱਧ ਮੁਸਲਿਮ ਕਲਾਕਾਰ ਪੱਗਾਂ ਬੰਨ੍ਹ ਕੇ ਸਿੱਖ ਹੋਣ ਦਾ ਦਿਖਾਵਾ ਕਰ ਰਹੇ ਸਨ ਅਤੇ ਇਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਅੰਦਰ ਫਿਲਮੀ ਕਲਾਕਾਰ ਬਿਨਾਂ ਸਿਰ ਢਕੇ ਅਤੇ ਜੁੱਤੀਆਂ ਉਤਾਰੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਏ। ਉਨ੍ਹਾਂ ਦੇ ਮਨਾਂ ਵਿਚ ਸਿੱਖ ਧਰਮ ਪ੍ਰਤੀ ਕੋਈ ਸਤਿਕਾਰ ਨਹੀਂ ਸੀ। ਉਨ੍ਹਾਂ ਨੇ ਬਹੁਤ ਹੀ ਅਸੰਵੇਦਨਸ਼ੀਲ ਤਰੀਕੇ ਨਾਲ ਪੱਗਾਂ ਬੰਨ੍ਹੀਆਂ ਹੋਈਆਂ ਸਨ।
ਦਾੜ੍ਹੀ ਜਾਂ ਤਾਂ ਕੱਟੀ ਹੋਈ ਸੀ ਜਾਂ ਪੂਰੀ ਤਰ੍ਹਾਂ ਕਲੀਨ ਸ਼ੇਵ ਕੀਤੀ ਗਈ ਸੀ। ਹਸਨ ਅਬਦਾਲ ਦੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਅਤੇ ਹੋਰ ਸਿੱਖਾਂ ਨੇ ਇਸ ਸ਼ੂਟਿੰਗ ਦਾ ਵਿਰੋਧ ਕਰਦਿਆਂ ਫ਼ਿਲਮ ਦੇ ਅਮਲੇ ਨੂੰ ਯਾਦ ਦਿਵਾਇਆ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸਿੱਖ ਕੌਮ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਤੇ ਇੱਥੇ ਕਿਸੇ ਵੀ ਹਾਲਤ ਵਿਚ ਬੇਅਦਬੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਫ਼ਿਲਮ ਯੂਨਿਟ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਗੁਰਦੁਆਰਾ ਸਾਹਿਬ ਵਿਚ ਫ਼ਿਲਮ ਸ਼ੂਟ ਜਾਰੀ ਰਹੀ ਤਾਂ ਆਪਣੇ ਦਲ ਅਤੇ ਸਾਜ਼ੋ-ਸਾਮਾਨ ਦੇ ਕਿਸੇ ਵੀ ਨੁਕਸਾਨ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ।