ਨੇਪਾਲੀ ਪਰਬਤਾਰੋਹੀ ਨੇ ਫ਼ਤਿਹ ਕੀਤੀਆਂ ਸਭ ਤੋਂ ਉੱਚੀਆਂ 14 ਚੋਟੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

14 ਚੋਟੀਆਂ 'ਤੇ ਚੜਾਈ ਸਿਰਫ 189 ਦਿਨਾਂ 'ਚ ਪੂਰੀ ਕੀਤੀ

Nepal Mountaineer Claims Record For Climbing World's 14 Highest Peaks

ਕਾਠਮੰਡੂ : ਇਕ ਨੇਪਾਲੀ ਪਰਬਤਾਰੋਹੀ ਨੇ ਦੁਨੀਆ ਦੀਆਂ ਸਭ ਤੋਂ ਉੱਚੀਆਂ 14 ਚੋਟੀਆਂ 'ਤੇ ਸਭ ਤੋਂ ਤੇਜ਼ੀ ਨਾਲ ਚੜਾਈ ਕਰਨ ਦਾ ਰਿਕਾਰਡ ਕਾਇਮ ਕਰਨ ਦਾ ਦਾਅਵਾ ਕੀਤਾ ਹੈ। ਨਿਰਮਲ ਪੂਰਜਾ ਨਾਂ ਦੇ ਇਸ ਪਰਬਤਾਰੋਹੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸੱਤ ਮਹੀਨਿਆਂ ਤੋਂ ਵੀ ਘੱਟ ਸਮੇਂ 'ਚ ਇਹ ਕਾਰਨਾਮਾ ਕਰਨ ਦਾ ਦਾਅਵਾ ਕੀਤਾ ਹੈ। ਇਹ ਸਾਰੀਆਂ ਚੋਟੀਆਂ 8000 ਮੀਟਰ ਤੋਂ ਵੀ ਉੱਚੀਆਂ ਹਨ।

ਨਿਰਮਲ ਪੂਰਜਾ ਦੇ ਸੋਸ਼ਲ ਮੀਡੀਆ 'ਤੇ ਕੀਤੇ ਇਕ ਪੋਸਟ ਮੁਤਾਬਕ ਉਨ੍ਹਾਂ ਨੇ 8000 ਮੀਟਰ (26,259 ਫੁੱਟ) ਤੋਂ ਉੱਚੀਆਂ ਇਨ੍ਹਾਂ 14 ਚੋਟੀਆਂ 'ਤੇ ਚੜਾਈ ਸਿਰਫ 189 ਦਿਨਾਂ 'ਚ ਪੂਰੀ ਕੀਤੀ ਹੈ। ਪਹਿਲਾਂ ਇਹ ਰਿਕਾਰਡ ਕਰੀਬ 8 ਸਾਲ ਦਾ ਸੀ। ਪੂਰਜਾ ਨੇ ਚੀਨ 'ਚ ਆਖਰੀ ਚੋਟੀ 'ਤੇ ਚੜਾਈ ਕਰਨ ਤੋਂ ਬਾਅਦ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ ਮਿਸ਼ਨ ਪੂਰਾ ਹੋਇਆ। ਸਾਲ 1987 'ਚ ਪੋਲਿਸ਼ ਪਰਬਤਾਰੋਹੀ ਜੇਰਜੀ ਕੁਕੁਜਕਾ ਨੇ ਇਹ ਚੜਾਈ ਸੱਤ ਸਾਲ, 11 ਮਹੀਨੇ ਤੇ 14 ਦਿਨਾਂ 'ਚ ਪੂਰੀ ਕੀਤੀ ਸੀ। ਜੇਰਜੀ ਤੋਂ ਪਹਿਲਾਂ 1986 'ਚ ਇਟਲੀ ਦੇ ਰੇਨਹੋਲਡ ਮੇਸਨਰ ਅਜਿਹੀਆਂ ਚੜਾਈਆਂ ਕਰਨ ਵਾਲੇ ਪਹਿਲੇ ਵਿਅਕਤੀ ਬਣ ਗਏ ਸਨ।

ਸਾਬਕਾ ਗੋਰਖਾ ਫੌਜੀ ਪੁਰਜਾ ਨੇ ਆਪਣੀ ਚੜਾਈ ਦੇ ਪਹਿਲੇ ਪੜਾਅ 'ਚ ਅਪ੍ਰੈਲ 'ਚ ਅੰਨਪੂਰਣਾ, ਧੌਲਾਗਿਰੀ, ਕੰਚਨਜੰਘਾ, ਐਵਰੈਸਟ, ਲਹੋਤਸੇ ਤੇ ਮਕਾਲੂ 'ਤੇ ਚੜਾਈ ਪੂਰੀ ਕੀਤੀ ਸੀ। ਇਸ ਤੋਂ ਇਕ ਮਹੀਨੇ ਬਾਅਦ ਪਾਕਿਸਤਾਨ ਜਾ ਕੇ ਉਨ੍ਹਾਂ ਨੇ 8,125 ਮੀਟਰ ਉੱਚੇ ਨੰਗਾ ਪਰਬਤ ਦੀ ਚੜਾਈ ਕੀਤੀ। ਉਨ੍ਹਾਂ ਨੇ ਪਾਕਿਸਤਾਨ ਦੀ ਗਸ਼ੇਰਬ੍ਰਮ ਪ੍ਰਥਮ, ਗਸ਼ੇਰਬ੍ਰਮ ਦੂਜੀ ਤੇ ਕੇ2 ਜਿਹੀਆਂ ਉੱਚੀਆਂ ਚੋਟੀਆਂ 'ਤੇ ਫਤਿਹ ਹਾਸਲ ਕੀਤੀ।

ਆਪਣੇ ਟੀਚੇ ਨੂੰ ਪੂਰਾ ਕਰਨ ਦੌਰਾਨ ਉਨ੍ਹਾਂ ਦੀ ਨੀਂਦ ਵੀ ਪੂਰੀ ਨਹੀਂ ਹੋਈ। ਪੂਰਜਾ ਨੇ ਸਤੰਬਰ 'ਚ ਆਪਣੀ ਆਖਰੀ ਪੜਾਅ ਸ਼ੁਰੂ ਕੀਤਾ ਤੇ ਹਫਤੇ ਦੇ ਅੰਦਰ ਉਨ੍ਹਾਂ ਨੇ 'ਚੋਂ ਓਯੂ ਤੇ ਮਨਾਸਲੂ 'ਤੇ ਚੜਾਈ ਕਰ ਲਈ। ਪੂਰਜਾ ਨੇ ਏ.ਐੱਫ.ਪੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਨੀਆ 'ਚ ਸਭ ਤੋਂ ਉੱਚੀਆਂ ਚੋਟੀਆਂ ਨੇਪਾਲ 'ਚ ਹਨ ਤੇ ਇਥੇ ਕਈ ਚੰਗੇ ਪਰਬਤਾਰੋਹੀ ਹਨ ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲ ਰਿਹਾ।