ਹਰਸਿਮਰਤ ਬਾਦਲ ਨੇ ਫਿਰ ਕੀਤਾ ਗੁਰਬਾਣੀ ਦਾ ਗਲਤ ਉਚਾਰਨ, ਪਹਿਲਾਂ ਵੀ ਮੰਗੀ ਸੀ ਮਾਫ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਪਹਿਲੀ ਗ਼ਲਤੀ ਤੋਂ ਸਿਖਿਆ ਨਹੀਂ ਲਈ ਅਤੇ ਹੁਣ ਫੇਰ ਆਪਣੇ ਭਾਸ਼ਣ ਕਰਕੇ ਕਸੂਤੀ ਫਸ ਗਈ ਹੈ...

Harsimrat Kaur Badal

ਕਰਤਾਰਪੁਰ ਸਾਹਿਬ (ਭਾਸ਼ਾ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਪਹਿਲੀ ਗ਼ਲਤੀ ਤੋਂ ਸਿਖਿਆ ਨਹੀਂ ਲਈ ਅਤੇ ਹੁਣ ਫੇਰ ਆਪਣੇ ਭਾਸ਼ਣ ਕਰਕੇ ਕਸੂਤੀ ਫਸ ਗਈ ਹੈ। ਕੇਂਦਰੀ ਮੰਤਰੀ ਨੇ ਭਾਰਤ ਸਰਕਾਰ ਵੱਲੋਂ ਰੱਖੇ ਗਏ ਕਰਤਾਰਪੁਰ ਲਾਂਘੇ ਦੇ ਸਮਾਗਮ ਦੌਰਾਨ ਕੀਤੀ ਗਈ ਗ਼ਲਤੀ ਹੁਣ ਪਾਕਿਸਤਾਨ ਜਾ ਕੇ ਦੋਹਰਾ ਦਿੱਤੀ ਹੈ। ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਦਿੱਤੇ ਭਾਸ਼ਣ ਵਿਚ ਖੁਦ ਨੂੰ ਪੰਥਕ ਆਗੂ ਅਖਵਾਉਣ ਵਾਲੀ ਹਰਸਿਮਰਤ ਬਾਦਲ ਨੇ ਇੱਕ ਵਾਰ ਫੇਰ ਗੁਰਬਾਣੀ ਦੀ ਪੰਗਤੀ ਦਾ ਗਲਤ ਉਚਾਰਨ ਕਰ ਦਿੱਤਾ।

ਭਾਸ਼ਣ ਦੇਣ ਸਮੇਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਗੁਰਬਾਣੀ ਦੀ ਪੰਗਤੀ " ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰੁ ਬਿਠਾਇਆ" ਦਾ ਉਚਾਰਨ ਕੀਤਾ, ਜੋ ਕਿ ਗਲਤ ਸੀ। ਇਸ ਪੰਗਤੀ ਦਾ ਸਹੀ ਉਚਾਰਨ "ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ" ਹੈ। ਇੱਕ ਵਾਰ ਫੇਰ ਸੁਣੋ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀ ਉਚਾਰਨ ਕੀਤਾ। ਕੇਂਦਰੀ ਮੰਤਰੀ ਵੱਲੋਂ ਹੋਈ ਇਹ ਕੋਈ ਪਹਿਲੀ ਗ਼ਲਤੀ ਨਹੀਂ ਹੈ ਸਗੋਂ ਅਜਿਹੀ ਗ਼ਲਤੀ ਉਨ੍ਹਾਂ ਨੇ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਕੀਤੀ ਸੀ।

ਆਪਣੇ ਭਾਸ਼ਣ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਗੁਰਬਾਣੀ ਦੀ ਪੰਗਤੀ 'ਸੁਣੀ ਅਰਦਾਸਿ ਸੁਆਮੀ ਮੇਰੇ, ਸਰਬ ਕਲਾ ਬਣ ਆਈ' ਦੀ ਥਾਂ 'ਸਗਲ ਘਟਾ ਬਣ ਆਈ' ਪੜ੍ਹ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫੇਸਬੁੱਕ ਦੇ ਜ਼ਰੀਏ ਸਿੱਖ ਸੰਗਤ ਅਤੇ ਪਰਮਾਤਮਾ ਤੋਂ ਮਾਫੀ ਮੰਗੀ ਸੀ। ਪਹਿਲਾਂ ਕੀਤੀ ਗਈ ਗ਼ਲਤੀ ਤੋਂ ਬਾਅਦ ਪੰਥਕ ਅਤੇ ਸਿਆਸੀ ਆਗੂਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਬੀਬਾ ਹਰਸਿਮਰਤ ਕੌਰ ਬਾਦਲ ਖਿਲਾਫ ਕਾਰਵਾਈ ਕਰਨ ਅਤੇ ਹੁਣ ਦੇਖਣਾ ਇਹ ਹੈ ਕਿ ਦੋਬਾਰਾ ਗ਼ਲਤੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾ ਨਹੀਂ।