ਸਿਡਨੀ 'ਚ ਤੂਫ਼ਾਨ ਤੇ ਭਾਰੀ ਮੀਂਹ, ਜਨ-ਜੀਵਨ ਪ੍ਰਭਾਵਿਤ
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਬੁਧਵਾਰ ਨੂੰ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ......
ਸਿਡਨੀ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਬੁਧਵਾਰ ਨੂੰ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਇਸ ਕਾਰਨ ਜਹਾਜ਼ ਅਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਕਈ ਗੱਡੀਆਂ ਸੜਕਾਂ 'ਤੇ ਹੀ ਫਸ ਗਈਆਂ। ਐਮਰਜੈਂਸੀ ਸੇਵਾਵਾਂ ਵੀ ਸਥਿਤੀ ਤੋਂ ਨਜਿੱਠਣ ਵਿਚ ਜੁਟੀਆਂ ਹੋਈਆਂ ਹਨ। ਭਿਆਨਕ ਤੂਫਾਨ ਅਤੇ ਭਾਰੀ ਮੀਂਹ ਕਾਰਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ ਪ੍ਰਭਾਵਿਤ ਹੋਇਆ। ਸਥਾਨਕ ਮੌਸਮ ਵਿਭਾਗ ਦੇ ਮੁਤਾਬਕ ਕਈ ਥਾਵਾਂ 'ਤੇ ਕੁਝ ਘੰਟਿਆਂ ਦੇ ਅੰਦਰ ਹੀ 106 ਮਿਲੀਮੀਟਰ ਤੋਂ ਵਧੇਰੇ ਦਾ ਮੀਂਹ ਦਰਜ ਕੀਤਾ ਗਿਆ। ਸ਼ਹਿਰ ਵਿਚ ਪੂਰੇ ਨਵੰਬਰ ਮਹੀਨੇ ਵਿਚ ਔਸਤਨ 84 ਮਿਲੀਮੀਟਰ ਮੀਂਹ ਪੈਂਦਾ ਹੈ।
ਤੂਫ਼ਾਨ ਕਾਰਨ ਵਾਪਰੇ ਸੜਕ ਹਾਦਸਿਆਂ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਅਤੇ ਰਾਹਤ ਕੰਮ ਦੌਰਾਨ ਰੁੱਖ ਡਿੱਗਣ ਕਾਰਨ ਦੋ ਪੁਲਿਸ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਵਿਚ ਇਕ ਮਹਿਲਾ ਕਾਂਸਟੇਬਲ ਹੈ ਜਿਸ ਦੇ ਪੈਰ ਦੀ ਹੱਡੀ ਟੁੱਟ ਗਈ। ਐਮਰਜੈਂਸੀ ਸੇਵਾਵਾਂ ਨੇ ਦਸਿਆ ਕਿ ਉਨ੍ਹਾਂ ਨੇ ਸਵੇਰੇ-ਸਵੇਰੇ ਕਰੀਬ 12 ਹੜ੍ਹ ਬਚਾਅ ਮੁਹਿੰਮਾਂ ਚਲਾਈਆਂ। ਸਹਾਇਕ ਪੁਲਿਸ ਕਮਿਸ਼ਨਰ ਮਾਇਕਲ ਕੌਰਬੀ ਨੇ ਦਸਿਆ ਕਿ ਅੱਜ ਅਸੀਂ ਜਿਸ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ ਉਹ ਬਹੁਤ ਖ਼ਰਾਬ ਹੈ। ਮੈਂ ਗੱਡੀ 'ਤੇ ਜਾਣ ਵਾਲਿਆਂ ਅਤੇ ਪੈਦਲ ਚੱਲਣ ਵਾਲੇ ਸਾਰੇ ਲੋਕਾਂ ਨੂੰ ਅਪਣਾ ਧਿਆਨ ਰਖਣ ਦੀ ਅਪੀਲ ਕਰਦਾ ਹਾਂ। (ਪੀਟੀਆਈ)