ਕਤਰ 'ਚ ਹਿਰਾਸਤ 'ਚ ਲਏ ਅੱਠ ਸਾਬਕਾ ਨੇਵੀ ਕਰਮਚਾਰੀਆਂ ਨਾਲ ਭਾਰਤੀ ਦੂਤਾਵਾਸ ਅਧਿਕਾਰੀਆਂ ਵੱਲੋਂ ਮੁਲਾਕਾਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰੈੱਸ ਕਾਨਫ਼ਰੰਸ 'ਚ ਦਿੱਤੀ ਜਾਣਕਾਰੀ 

Representative Image

 

ਨਵੀਂ ਦਿੱਲੀ - ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਕਤਰ ਵਿੱਚ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਮਾਮਲੇ ਵਿੱਚ ਉਸ ਨੂੰ ਦੂਜੀ ਵਾਰ ਸਫ਼ਾਰਤੀ ਪਹੁੰਚ ਮਿਲੀ ਹੈ, ਅਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਉਨ੍ਹਾਂ ਭਾਰਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਹੈ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਅਸੀਂ ਕਤਰ 'ਚ ਭਾਰਤੀਆਂ ਦੀ ਨਜ਼ਰਬੰਦੀ ਦੇ ਮਾਮਲੇ ਤੋਂ ਜਾਣੂ ਹਾਂ, ਅਸੀਂ ਇਹ ਮਾਮਲਾ ਉਥੋਂ ਦੇ ਪ੍ਰਸ਼ਾਸਨ ਦੇ ਸਾਹਮਣੇ ਲਗਾਤਾਰ ਚੁੱਕਿਆ ਹੈ।

ਉਨ੍ਹਾਂ ਕਿਹਾ, ''ਅੱਜ ਸਾਨੂੰ ਨਜ਼ਰਬੰਦ ਭਾਰਤੀਆਂ ਤੱਕ ਸਿਫ਼ਾਰਤੀ ਪਹੁੰਚ ਹਾਸਲ ਹੋਈ ਹੈ। ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਨਜ਼ਰਬੰਦ ਭਾਰਤੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੇ ਹਾਲ-ਚਾਲ ਬਾਰੇ ਜਾਣਿਆ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਮੁਲਾਕਾਤ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਕਿ ਉਸ ਨੂੰ ਹੋਰ ਕਿਸ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ।

ਬਾਗਚੀ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਵੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ।

ਇਨ੍ਹਾਂ ਭਾਰਤੀ ਨਾਗਰਿਕਾਂ ਦੀ ਨਜ਼ਰਬੰਦੀ ਦੇ ਕਾਰਨਾਂ ਬਾਰੇ ਪੁੱਛੇ ਜਾਣ 'ਤੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰਬੰਦੀ ਜਾਂ ਗ੍ਰਿਫ਼ਤਾਰੀ ਦੇ ਕਾਰਨਾਂ ਬਾਰੇ ਕਤਰ ਦੇ ਅਧਿਕਾਰੀਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਅਤੇ ਇਸ ਬਾਰੇ ਬਿਹਤਰ ਜਾਣਕਾਰੀ ਉਹੀ ਦੇ ਸਕਦੇ ਹਨ। 

ਉਨ੍ਹਾਂ ਕਿਹਾ ਕਿ ਮੰਤਰਾਲਾ ਨਿਯਮਿਤ ਤੌਰ 'ਤੇ ਕਤਰ ਦੇ ਅਧਿਕਾਰੀਆਂ ਕੋਲ ਇਸ ਮੁੱਦੇ ਨੂੰ ਚੁੱਕ ਰਿਹਾ ਹੈ ਅਤੇ ਇਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਉਸਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਕਤਰ 'ਚ ਹਿਰਾਸਤ 'ਚ ਲਏ ਗਏ ਲੋਕ ਦਾਹਰਾ ਗਲੋਬਲ ਟੈਕਨਾਲੋਜੀ ਅਤੇ ਕੰਸਲਟੈਂਸੀ ਲਈ ਕੰਮ ਕਰਦੇ ਸਨ। ਇਹ ਇੱਕ ਨਿੱਜੀ ਕੰਪਨੀ ਹੈ।