ਸ਼ਰਾਬ ਕਾਰਨ ਯੂਰਪ 'ਚ ਹੁੰਦੀਆਂ ਨੇ ਹਰ ਸਾਲ ਅੱਠ ਲੱਖ ਮੌਤਾਂ : ਵਿਸ਼ਵ ਸਿਹਤ ਸੰਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਤੋਂ ਇਲਾਵਾ, ਸ਼ਰਾਬ ਦਾ ਸਿੱਧਾ ਸਬੰਧ ਹਿੰਸਾ ਅਤੇ ਘਰੇਲੂ ਕਲੇਸ਼ ਨਾਲ ਵੀ ਪਾਇਆ ਗਿਆ ਹੈ।

Alcohol causes 800,000 deaths in Europe every year: World Health Organization

ਜੇਨੇਵਾ : ਵਿਸ਼ਵ ਸਿਹਤ ਸੰਗਠਨ ਦੀ ਇਕ ਤਾਜ਼ਾ ਰਿਪੋਰਟ ਨੇ ਪੂਰੇ ਯੂਰਪ ’ਚ ਹੜਕੰਪ ਮਚਾ ਦਿਤਾ ਹੈ। ਇਸ ਰਿਪੋਰਟ ਅਨੁਸਾਰ ਯੂਰਪ ’ਚ ਸ਼ਰਾਬ ਪੀਣ ਕਾਰਨ ਹਰ ਸਾਲ ਲਗਭਗ ਅੱਠ ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਥੇ ਹੋਣ ਵਾਲੀ ਹਰ ਗਿਆਰਵੀਂ ਮੌਤ ਦਾ ਕਾਰਨ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਹੈ।

ਰਿਪੋਰਟ ਮੁਤਾਬਕ ਪੂਰੀ ਦੁਨੀਆਂ ’ਚੋਂ ਸੱਭ ਤੋਂ ਵੱਧ ਸ਼ਰਾਬ ਦੀ ਖਪਤ ਯੂਰਪ ਵਿਚ ਹੁੰਦੀ ਹੈ, ਜਿਸ ਕਾਰਨ ਸਮੇਂ ਤੋਂ ਪਹਿਲਾਂ ਮੌਤਾਂ ਅਤੇ ਸੱਟਾਂ ਲੱਗਣ ਦਾ ਖ਼ਤਰਾ ਵਧ ਰਿਹਾ ਹੈ। ਸਾਲ 2019 ਦੇ ਅੰਕੜਿਆਂ ਅਨੁਸਾਰ ਲਗਭਗ 1.45 ਲੱਖ ਮੌਤਾਂ ਸਿਰਫ਼ ਸੱਟਾਂ ਲੱਗਣ ਕਾਰਨ ਹੋਈਆਂ, ਜਿਨ੍ਹਾਂ ਵਿਚ ਸੜਕ ਹਾਦਸੇ, ਉਚਾਈ ਤੋਂ ਡਿੱਗਣਾ ਅਤੇ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਘਟਨਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਸ਼ਰਾਬ ਦਾ ਸਿੱਧਾ ਸਬੰਧ ਹਿੰਸਾ ਅਤੇ ਘਰੇਲੂ ਕਲੇਸ਼ ਨਾਲ ਵੀ ਪਾਇਆ ਗਿਆ ਹੈ।

ਡਬਲਿਊ.ਐਚ.ਓ. ਨੇ ਚਿਤਾਵਨੀ ਦਿਤੀ ਹੈ ਕਿ ਕਿਸ਼ੋਰਾਂ ਤੇ ਨੌਜਵਾਨਾਂ ਲਈ ਸ਼ਰਾਬ ਬੇਹੱਦ ਘਾਤਕ ਹੈ। ਇਹ ਨਾ ਸਿਰਫ਼ ਯਾਦਦਾਸ਼ਤ ਤੇ ਸਿੱਖਣ ਦੀ ਸਮਰਥਾ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਦਿਮਾਗ ਦੇ ਵਿਕਾਸ ਤੇ ਸਹੀ ਫ਼ੈਸਲੇ ਲੈਣ ਦੀ ਸ਼ਕਤੀ ਨੂੰ ਵੀ ਕਮਜ਼ੋਰ ਕਰਦੀ ਹੈ। ਲੰਬੇ ਸਮੇਂ ਤਕ ਸ਼ਰਾਬ ਦਾ ਸੇਵਨ ਕਰਨ ਨਾਲ ਮਾਨਸਿਕ ਸਿਹਤ ਵਿਗੜ ਸਕਦੀ ਹੈ ਤੇ ਵਿਅਕਤੀ ਇਸ ਦਾ ਆਦੀ ਹੋ ਜਾਂਦਾ ਹੈ।

ਵਿਸ਼ਵ ਸਿਹਤ ਸੰਗਠਨ ਦੀ ਖੇਤਰੀ ਸਲਾਹਕਾਰ ਕੈਰੀਨਾ ਫ਼ਰੇਰਾ ਬੋਰਗੇਸ ਅਨੁਸਾਰ ਸ਼ਰਾਬ ਇਕ ਜ਼ਹਿਰੀਲਾ ਪਦਾਰਥ ਹੈ ਜੋ ਸੱਤ ਤਰ੍ਹਾਂ ਦੇ ਕੈਂਸਰ ਤੇ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਹ ਮਨੁੱਖ ਦੇ ਸੋਚਣ-ਸਮਝਣ ਦੀ ਸ਼ਕਤੀ ਅਤੇ ਆਤਮ-ਨਿਯੰਤਰਣ ਨੂੰ ਘਟਾ ਦਿੰਦੀ ਹੈ, ਜਿਸ ਕਾਰਨ ਵਿਅਕਤੀ ਜੋਖ਼ਮ ਭਰੇ ਕੰਮ ਕਰਦਾ ਹੈ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦਾ ਹੈ। (ਏਜੰਸੀ)