Bathinda ਜ਼ਿਲ੍ਹੇ ਦੇ ਪਿੰਡ ਡੂਮਵਾਲੀ ਦੇ ਤਨਵੀਰ ਨਾਲ ਥਾਈਲੈਂਡ ਹਵਾਈ ਅੱਡੇ 'ਤੇ ਹੋਇਆ ਦੁਰਵਿਹਾਰ
ਸਾਰੀ ਰਾਤ ਹਿਰਾਸਤ 'ਚ ਰੱਖਣ ਮਗਰੋਂ ਪਰਿਵਾਰ ਸਣੇ ਭੇਜਿਆ ਵਾਪਸ
ਬਠਿੰਡਾ : ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਡੂਮਵਾਲੀ ਨਾਲ ਸਬੰਧਤ 30 ਸਾਲਾ ਨੌਜਵਾਨ ਤਨਵੀਰ ਸਿੱਧੂ ਪਰਿਵਾਰ ਸਣੇ ਘੁੰਮਣ ਲਈ ਥਾਈਲੈਂਡ ਗਿਆ ਸੀ । ਉਸ ਨੂੰ ਕੌਮਾਂਤਰੀ ਹਵਾਈ ਅੱਡੇ ’ਤੇ ਰੋਕ ਕੇ ਰਾਤ ਭਰ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਪਰਿਵਾਰ ਸਣੇ ਭਾਰਤ ਡਿਪੋਰਟ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਤਨਵੀਰ ਸਿੱਧੂ ਇਸ ਸਮੇਂ ਕੈਨੇਡਾ ਵਿੱਚ ਪੱਕੇ ਵਾਸੀ ਵਜੋਂ ਰਹਿ ਰਿਹਾ ਹੈ।
ਤਨਵੀਰ ਨੇ ਦੱਸਿਆ ਕਿ 19 ਦਸੰਬਰ ਨੂੰ ਥਾਈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦਾ ਭਾਰਤੀ ਪਾਸਪੋਰਟ ਸਕੈਨ ਨਾ ਹੋਣ ਕਾਰਨ ਉਸ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕ ਲਿਆ ਸੀ। ਇਹ ਪਾਸਪੋਰਟ ਕੈਨੇਡਾ ਸਥਿਤ ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤਾ ਹੋਇਆ ਹੈ। ਤਨਵੀਰ ਮੁਤਾਬਕ ਉਸ ਨੇ ਅਧਿਕਾਰੀਆਂ ਨੂੰ ਆਪਣੇ ਪੁਰਾਣੇ ਵੀਜ਼ੇ ਦਿਖਾ ਕੇ ਮੈਨੂਅਲ ਐਂਟਰੀ ਦੇਣ ਦੀ ਅਪੀਲ ਕੀਤੀ, ਪਰ ਉਸ ਦੀ ਗੱਲ ਨਹੀਂ ਸੁਣੀ ਗਈ।
ਉਸ ਸਮੇਂ ਉਸ ਦੀ ਪਤਨੀ ਅਤੇ ਦੋ ਸਾਲਾ ਧੀ, ਜੋ ਦੋਵੇਂ ਕੈਨੇਡੀਅਨ ਨਾਗਰਿਕ ਹਨ, ਨੂੰ ਅੱਗੇ ਜਾਣ ਦੀ ਆਗਿਆ ਦੇ ਦਿੱਤੀ ਗਈ। ਤਨਵੀਰ ਨੂੰ ਅਲੱਗ ਕਰ ਕੇ ਡਿਟੈਨਸ਼ਨ ਸੈਂਟਰ ਭੇਜ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉੱਥੇ ਉਸ ਨੂੰ ਫੋਨ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਉਸ ਨੂੰ ਇੱਕ ਦੋਸਤ ਨੂੰ ਫੋਨ ਕਰਨ ਦੀ ਆਗਿਆ ਮਿਲੀ ਜਿਸ ਨੇ ਇੱਕ ਸਾਬਕਾ ਰਾਜਦੂਤ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਅਧਿਕਾਰੀਆਂ ਦੇ ਰਵੱਈਏ ਵਿੱਚ ਬਦਲਾਅ ਆਇਆ ਹਾਲਾਂਕਿ ਤਨਵੀਰ ਨੂੰ ਹਿਰਾਸਤ ਤੋਂ ਰਿਹਾਅ ਨਹੀਂ ਕੀਤਾ ਗਿਆ। ਆਖ਼ਰਕਾਰ ਅਧਿਕਾਰੀਆਂ ਨੇ ਉਸ ਨੂੰ ਪਰਿਵਾਰ ਸਣੇ ਭਾਰਤ ਡਿਪੋਰਟ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ। ਤਨਵੀਰ ਨੇ ਦੋਸ਼ ਲਾਇਆ ਕਿ ਉਸ ਤੋਂ ਅੰਗਰੇਜ਼ੀ ਅਤੇ ਥਾਈ ਭਾਸ਼ਾ ਵਿੱਚ ਲਿਖੇ ਦਸਤਾਵੇਜ਼ ਬਿਨਾਂ ਪੂਰੀ ਜਾਣਕਾਰੀ ਦਿੱਤੇ ਦਸਤਖ਼ਤ ਕਰਵਾਏ ਗਏ।