ਆਸਟ੍ਰੇਲੀਅਨ ਸਿੱਖ ਖੇਡਾਂ 'ਚ ਡੋਪ ਟੈਸਟ ਨਮੂਨਿਆਂ 'ਤੇ ਵਿਵਾਦ ਭਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ 'ਚ ਸਿੱਖੀ ਸਿਧਾਂਤਾਂ ਅਤੇ ਰਵਾਇਤੀ ਪੰਜਾਬੀ ਖੇਡਾਂ ਦੇ ਪਸਾਰੇ ਤਹਿਤ ਹਰ ਸਾਲ ਹੁੰਦਾ ਖੇਡ ਮਹਾਂਕੁੰਭ 'ਆਸਟ੍ਰੇਲੀਅਨ ਸਿੱਖ ਖੇਡਾਂ' ਸਾਂਝੀਵਾਲਤਾ ਅਤੇ....

Sikh

ਬ੍ਰਿਸਬੇਨ, 3 ਅਗੱਸਤ (ਜਜਜੀਤ ਖੋਸਾ) : ਆਸਟ੍ਰੇਲੀਆ 'ਚ ਸਿੱਖੀ ਸਿਧਾਂਤਾਂ ਅਤੇ ਰਵਾਇਤੀ ਪੰਜਾਬੀ ਖੇਡਾਂ ਦੇ ਪਸਾਰੇ ਤਹਿਤ ਹਰ ਸਾਲ ਹੁੰਦਾ ਖੇਡ ਮਹਾਂਕੁੰਭ 'ਆਸਟ੍ਰੇਲੀਅਨ ਸਿੱਖ ਖੇਡਾਂ' ਸਾਂਝੀਵਾਲਤਾ ਅਤੇ ਸਮੂਹ ਪੰਜਾਬੀ ਭਾਈਚਾਰੇ ਲਈ ਵਿਦੇਸ਼ੀ ਧਰਤ 'ਤੇ ਮਾਣ ਬਣ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਅਪ੍ਰੈਲ ਮਹੀਨੇ 30ਵੀਂ ਸਿੱਖ ਖੇਡਾਂ ਦਾ ਸਫ਼ਲ ਆਯੋਜਨ ਕੀਤਾ ਗਿਆ ਅਤੇ ਨਾਲ ਹੀ ਪਹਿਲੀ ਵਾਰ ਕੌਮੀ ਖੇਡ ਕਮੇਟੀ ਨੇ 'ਡੋਪ ਟੈਸਟ' ਨੂੰ ਲਾਗੂ ਕਰ ਕੇ 21 ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਦੇ ਨਮੂਨੇ ਲਏ ਸਨ। ਖੇਡ ਕਮੇਟੀ ਦੇ ਕੌਮੀ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਮੀਡੀਆ ਨੂੰ ਦਸਿਆ ਕਿ ਪੰਜ ਖਿਡਾਰੀਆਂ ਦੇ ਨਮੂਨੇ ਫ਼ੇਲ ਪਾਏ ਗਏ ਹਨ, ਜੋ ਕਿ ਸਿੰਘ ਸਭਾ ਸਪੋਰਟਸ ਕਲੱਬ ਮੈਲਬਰਨ, ਯੰਗ ਕਬੱਡੀ ਕਲੱਬ ਮੈਲਬਰਨ, ਕੇਸਰੀ ਕਲੱਬ ਅਤੇ ਮੈਲਬਰਨ ਯੂਨਾਈਟਡ ਕਲੱਬਾਂ ਨਾਲ ਸਬੰਧਤ ਹਨ ਅਤੇ ਸਬੰਧਤ ਖਿਡਾਰੀਆਂ 'ਤੇ ਖੇਡਣ ਦੀ ਪਬੰਦੀ ਦੇ ਨਾਲ ਹੀ ਸਬੰਧਤ ਕਲੱਬ ਨੂੰ ਵੀ 700 ਡਾਲਰ ਪ੍ਰਤੀ ਖਿਡਾਰੀ ਹਰਜ਼ਾਨਾ ਸੁਣਾਇਆ ਗਿਆ ਹੈ। ਪ੍ਰਧਾਨ ਸਿੱਧੂ ਨੇ ਹੋਰ ਕਿ ਸਿੱਖ ਖੇਡਾਂ ਦੀ ਗੁਣਵੱਤਾ ਅਤੇ ਪਾਰਦਰਸ਼ਿਤਾ ਲਈ ਜ਼ਰੂਰੀ ਹੈ ਕਿ ਪਹਿਲਾਂ ਨਸ਼ਿਆਂ ਦੀ ਭੈੜੀ ਲੱਤ ਤੋਂ ਖਿਡਾਰੀਆਂ ਨੂੰ ਬਚਾਇਆ ਜਾਵੇ। ਜੇ ਫ਼ਿਰ ਵੀ ਕੋਈ ਖਿਡਾਰੀ ਜਾਂ ਕਲੱਬ ਨਿਯਮਾਂ ਨੂੰ ਛਿੱਕੇ ਟੰਗਦਾ ਹੈ ਤਾਂ ਕੌਮੀ ਕਮੇਟੀ ਬਣਦੀ ਕਾਰਵਾਈ ਵੀ ਜ਼ਰੂਰ ਕਰੇਗੀ। ਉੱਧਰ ਕਮੇਟੀ ਦੇ ਇਸ ਫ਼ੈਸਲੇ ਨੂੰ ਪੀੜਤ ਖਿਡਾਰੀਆਂ ਅਤੇ ਕਲੱਬਾਂ ਨੇ ਤਾਨਾਸ਼ਾਹੀ, ਇੱਕਪਾਸੜ ਅਤੇ ਛੇਤੀ ਵਿਚ ਲਿਆ ਫ਼ੈਸਲਾ ਕਰਾਰ ਦਿਤਾ ਹੈ।