ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਗਿੱਪੀ ਗਰੇਵਾਲ ਦਾ ਯੂਕੇ 'ਚ ਨਿੱਘਾ ਸੁਆਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ 6 ਅਪ੍ਰੈਲ ਨੂੰ 'ਸੂਬੇਦਾਰ ਜੋਗਿੰਦਰ ਸਿੰਘ' ਫ਼ਿਲਮ ਰੀਲੀਜ਼ ਹੋਵੇਗੀ। ਜਿਸ ਦੀ ਪ੍ਰਮੋਸ਼ਨ ਦੇ ਸਿਲਸਿਲੇ...

gippy grewal

ਲੰਡਨ  : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ 6 ਅਪ੍ਰੈਲ ਨੂੰ 'ਸੂਬੇਦਾਰ ਜੋਗਿੰਦਰ ਸਿੰਘ' ਫ਼ਿਲਮ ਰੀਲੀਜ਼ ਹੋਵੇਗੀ। ਜਿਸ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਇਨ੍ਹੀਂ ਦਿਨੀਂ ਯੂ. ਕੇ. 'ਚ ਹਨ। ਯੂ. ਕੇ. 'ਚ ਫ਼ਿਲਮ ਦੀ ਟੀਮ ਨਾਲ ਪ੍ਰਮੋਸ਼ਨ ਦੌਰਾਨ ਗਿੱਪੀ ਨੇ ਉਥੋਂ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ। ਅਸਲ 'ਚ ਰਿਵਰਸਾਈਡ ਹੀਥਰੋ ਏਅਰਪੋਰਟ ਨਜ਼ਦੀਕ ਫ਼ਿਲਮ ਦੀ ਪ੍ਰਮੋਸ਼ਨ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।

ਇਸ ਸਮਾਗਮ 'ਚ ਤਨਮਨਜੀਤ ਸਿੰਘ ਢੇਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਢੇਸੀ ਨੇ 'ਸੂਬੇਦਾਰ ਜੋਗਿੰਦਰ ਸਿੰਘ' ਫ਼ਿਲਮ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਹੋਰ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਟਰੇਲਰ 'ਚ ਗਿੱਪੀ ਦੇ ਨਾਲ ਪੂਰੀ ਟੀਮ ਦੀ ਮਿਹਨਤ ਸਾਫ਼ ਦਿਖਾਈ ਦੇ ਰਹੀ ਹੈ ਤੇ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਫ਼ਿਲਮ ਅਹਿਮ ਪੰਨਾ ਜੋੜੇਗੀ।

ਗਾਇਕ ਗਿੱਪੀ ਨੇ ਇਸ ਦੌਰਾਨ ਗੱਲਬਾਤ ਕਰਦਿਆਂ ਦਸਿਆ ਕਿ ਯੂ. ਕੇ. ਦੀ ਪ੍ਰਮੋਸ਼ਨ ਉਨ੍ਹਾਂ ਲਈ ਯਾਦਗਾਰ ਰਹੇਗੀ। ਇਥੇ ਪ੍ਰਮੋਸ਼ਨ ਦੌਰਾਨ ਉਨ੍ਹਾਂ ਨੂੰ ਪੰਜਾਬੀਆਂ ਦਾ ਭਰਵਾਂ ਹੁੰਗਾਰਾ ਮਿਲਿਆ। ਉਹ ਉਮੀਦ ਕਰਦੇ ਹਨ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਇਸ ਫ਼ਿਲਮ ਨੂੰ ਸੁਪਰਹਿੱਟ ਬਣਾਉਣ 'ਚ ਪੂਰਾ ਯੋਗਦਾਨ ਦੇਣਗੇ।

ਦਸਣਯੋਗ ਹੈ ਕਿ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਬਣੀ ਇਸ ਫ਼ਿਲਮ 'ਚ ਗਿੱਪੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਗਿੱਪੀ ਤੋਂ ਇਲਾਵਾ ਅਦਿਤੀ ਸ਼ਰਮਾ, ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਗੁੱਗੂ ਗਿੱਲ, ਰੌਸ਼ਨ ਪ੍ਰਿੰਸ ਤੇ ਹੋਰ ਕਈ ਸਿਤਾਰੇ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਰਾਸ਼ਿਦ ਰੰਗਰੇਜ਼ ਨੇ ਲਿਖੀ ਹੈ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ।