ਟਰੰਪ ਨੇ ਰੂਸ 'ਤੇ ਪਾਬੰਦੀ ਲਗਾਉਣ ਵਾਲੇ ਬਿਲ 'ਤੇ ਹਸਤਾਖਰ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਵਿਰੁਧ ਨਵੀਆਂ ਪਾਬੰਦੀਆਂ ਲਗਾਉਣ ਵਾਲੇ ਬਿਲ 'ਤੇ ਹਸਤਾਖਰ ਕਰ ਦਿਤੇ ਹਨ। ਇਸ ਬਿਲ ਨੂੰ ਸੀਨੇਟ ਦੀ ਮਨਜੂਰੀ ਪਿਛਲੇ ਹਫ਼ਤੇ ਹੀ..

Donald Trump

ਵਾਸ਼ਿੰਗਟਨ, 3 ਅਗੱਸਤ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਵਿਰੁਧ ਨਵੀਆਂ ਪਾਬੰਦੀਆਂ ਲਗਾਉਣ ਵਾਲੇ ਬਿਲ 'ਤੇ ਹਸਤਾਖਰ ਕਰ ਦਿਤੇ ਹਨ। ਇਸ ਬਿਲ ਨੂੰ ਸੀਨੇਟ ਦੀ ਮਨਜੂਰੀ ਪਿਛਲੇ ਹਫ਼ਤੇ ਹੀ ਮਿਲ ਚੁਕੀ ਹੈ। ਬਿਲ 'ਚ ਈਰਾਨ ਅਤੇ ਉੱਤਰ ਕੋਰੀਆ 'ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ।
ਨਵੇਂ ਕਾਨੂੰਨ ਤਹਿਤ ਰਾਸ਼ਟਰਪਤੀ ਟਰੰਪ ਦੀਆਂ ਉਨ੍ਹਾਂ ਸ਼ਕਤੀਆਂ ਨੂੰ ਸੀਮਤ ਕਰ ਦਿਤਾ ਗਿਆ ਹੈ, ਜਿਸ ਨਾਲ ਉਹ ਰੂਸ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ੁਦ ਵਾਪਸ ਲੈ ਸਕਦੇ ਹਨ। ਇਸ ਬਿਲ ਦਾ ਉਦੇਸ਼ ਬੀਤੇ ਸਾਲ ਹੋਏ ਅਮਰੀਕੀ ਰਾਸ਼ਟਰਪਤੀ ਚੋਣ 'ਚ ਕਥਿਤ ਦਖ਼ਲਅੰਦਾਜੀ ਅਤੇ ਸੀਰੀਆ ਤੇ ਯੂਕਰੇਨ 'ਚ ਹਮਲਾਵਰ ਰੁਖ਼ ਲਈ ਰੂਸ ਨੂੰ ਸਜ਼ਾ ਦੇਣਾ ਹੈ। ਰੂਸ ਨੇ ਪਾਬੰਦੀਆਂ ਦੀ ਤਿੱਖੀ ਨਿਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨੇ ਕਿਹਾ ਹੈ ਕਿ ਇਸ ਦਾ ਸਿੱਧਾ ਮਤਬਲ ਹੈ ਕਿ ਅਮਰੀਕਾ ਨੇ ਰੂਸ ਵਿਰੁਧ ਪੂਰੀ ਤਰ੍ਹਾਂ ਵਪਾਰਕ ਜੰਗ ਦਾ ਐਲਾਨ ਕਰ ਦਿਤਾ ਹੈ। ਈਰਾਨ ਨੇ ਕਿਹਾ ਹੈ ਕਿ ਨਵੀਆਂ ਪਾਬੰਦੀਆਂ ਤੋਂ ਪ੍ਰਮਾਣੂ ਸਮਝੌਤੇ ਦਾ ਉਲੰਘਣ ਹੋਇਆ ਹੈ ਅਤੇ ਉਹ ਇਸ ਦਾ ਉਚਿਤ ਤੇ ਸਹੀ ਤਰੀਕੇ ਨਾਲ ਜਵਾਬ ਦੇਵੇਗਾ। ਰੂਸ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜੀ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਰਾਸ਼ਟਰਪਤੀ ਟਰੰਪ ਨੇ ਵੀ ਉਨ੍ਹਾਂ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪ੍ਰਚਾਰ ਪ੍ਰਬੰਧਕਾਂ ਨੇ ਹਿਲੇਰੀ ਕਲਿੰਟਨ ਵਿਰੁਧ ਜਿੱਤ ਹਾਸਲ ਕਰਨ ਲਈ ਰੂਸ ਦੀ ਮਦਦ ਲਈ।
ਪਿਛਲੇ ਹਫ਼ਤੇ ਅਮਰੀਕੀ ਪਾਬੰਦੀਆਂ ਦੀ ਜਵਾਬੀ ਕਾਰਵਾਈ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ 755 ਅਮਰੀਕੀ ਸਫੀਰਾਂ ਨੂੰ ਰੂਸ ਛੱਡਣ ਲਈ ਕਿਹਾ ਹੈ। ਨਾਲ ਹੀ ਪੁਤਿਨ ਨੇ ਇਹ ਵੀ ਕਿਹਾ ਕਿ ਉਹ ਛੇਤੀ ਹੀ ਦੋਨਾਂ ਦੇਸ਼ਾਂ ਵਿਚਕਾਰ ਸਬੰਧਾਂ 'ਚ ਸੁਧਾਰ ਨੂੰ ਨਹੀਂ ਵੇਖ ਰਹੇ ਹਨ। (ਪੀਟੀਆਈ)