America News: ਟਰੰਪ ਸਰਕਾਰ ਦਾ ਇਕ ਹੋਰ ਫ਼ੁਰਮਾਨ, ਕਿਹਾ, ਅਪਣੇ-ਆਪ ਅਮਰੀਕਾ ਛੱਡ ਦੇਣ ਵਿਦੇਸ਼ੀ ਵਿਦਿਆਰਥੀ
ਅਤਿਵਾਦੀ ਸੰਗਠਨਾਂ ਦਾ ਸਮਰਥਨ ਕਰਨ ਵਾਲੇ ਵਿਦਿਆਰਥੀ ਹੋਣਗੇ ਪ੍ਰਭਾਵਿਤ
America News: ਵਿਦੇਸ਼ੀ ਨਾਗਰਿਕਾਂ ਵਿਰੁਧ ਅਮਰੀਕਾ ਦੀ ਟਰੰਪ ਸਰਕਾਰ ਲਗਾਤਾਰ ਸਖ਼ਤ ਰਵਈਆ ਅਪਣਾਉਂਦੀ ਜਾ ਰਹੀ ਹੈ। ਇਸੇ ਤਹਿਤ ਹੁਣ ਇਕ ਹੋਰ ਸਖ਼ਤ ਫ਼ੁਰਮਾਨ ਜਾਰੀ ਕਰਦਿਆਂ ਟਰੰਪ ਸਰਕਾਰ ਨੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਸੈਲਫ਼ ਡਿਪੋਰਟ ਹੋਣ ਦਾ ਫ਼ੈਸਲਾ ਸੁਣਾ ਦਿਤਾ ਹੈ।
ਜਾਣਕਾਰੀ ਅਨੁਸਾਰ ਅਮਰੀਕਾ ਦੇ ਵਿਦੇਸ਼ੀ ਵਿਭਾਗ ਨੇ ਅਮਰੀਕਾ ’ਚ ਪੜ੍ਹ ਰਹੇ ਕਰੀਬ 300 ਵਿਦਿਆਰਥੀਆਂ ਨੂੰ ਈ-ਮੇਲ ਭੇਜ ਕੇ ਦੇਸ਼ ਛੱਡਣ ਦਾ ਫ਼ੁਰਮਾਨ ਸੁਣਾਇਆ ਹੈ। ਇਹ ਕਾਰਵਾਈ ਉਨ੍ਹਾਂ ਵਿਦਿਆਰਥੀਆਂ ਵਿਰੁਧ ਕੀਤੀ ਗਈ ਹੈ, ਜੋ ਕਿ ਹਮਾਸ ਜਾਂ ਕਿਸੇ ਹੋਰ ਅਤਿਵਾਦੀ ਸੰਗਠਨ ਦਾ ਸਮਰਥਨ ਕਰਦੇ ਪਾਏ ਗਏ ਹਨ। ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਵਿਦਿਆਰਥੀਆਂ ਦੇ ਐਫ਼.1 ਵੀਜ਼ੇ ਰੱਦ ਕਰ ਦਿਤੇ ਹਨ।
ਇਹ ਕਾਰਵਾਈ ਸਿਰਫ਼ ਅਤਿਵਾਦੀ ਸੰਗਠਨਾਂ ਦਾ ਸਮਰਥਨ ਕਰਨ ਵਾਲੇ ਵਿਦਿਆਰਥੀਆਂ ਤਕ ਹੀ ਸੀਮਤ ਨਹੀਂ ਹੈ, ਸਗੋਂ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਦੇਸ਼ ਛੱਡਣ ਦੀਆਂ ਈ-ਮੇਲਜ਼ ਭੇਜੀਆਂ ਗਈਆਂ ਹਨ, ਜਿਨ੍ਹਾਂ ਨੇ ਅਤਿਵਾਦੀ ਸੰਗਠਨਾਂ ਦੀਆਂ ਪੋਸਟਾਂ ਨੂੰ ਸੋਸ਼ਲ ਮੀਡੀਆ ’ਤੇ ਲਾਈਕ ਜਾਂ ਸ਼ੇਅਰ ਕੀਤਾ ਹੈ।
ਇਸ ਮਾਮਲੇ ਨਾਲ ਸਖ਼ਤੀ ਨਾਲ ਨਜਿੱਠਣ ਲਈ ਅਮਰੀਕਾ ਸਰਕਾਰ ਨੇ ਇਕ ਐਪ ‘ਕੈਚ ਐਂਡ ਰਿਵੋਕ’ ਵੀ ਬਣਾਈ ਹੈ, ਜੋ ਏ.ਆਈ. ਨਾਲ ਅਤਿਵਾਦੀ ਸੰਗਠਨਾਂ ਦਾ ਸਮਰਥਨ ਕਰਨ ਵਾਲੇ ਵਿਦਿਆਰਥੀਆਂ ਦੀ ਪਛਾਣ ਕਰਦੀ ਹੈ, ਜਿਸ ਦੀ ਮਦਦ ਨਾਲ ਅਜਿਹਾ ਕਰਨ ਵਾਲੇ ਵਿਦਿਆਰਥੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ।
ਇਕ ਰਿਪੋਰਟ ਅਨੁਸਾਰ ਸਾਲ 2023-24 ਦੌਰਾਨ ਕੁੱਲ 11 ਲੱਖ ਵਿਦੇਸ਼ੀ ਵਿਦਿਆਰਥੀ ਅਮਰੀਕਾ ’ਚ ਪੜ੍ਹ ਰਹੇ ਹਨ, ਜਿਨ੍ਹਾਂ ’ਚੋਂ 3.31 ਲੱਖ ਭਾਰਤੀ ਹਨ। ਹੁਣ ਜਿਨ੍ਹਾਂ 300 ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਅਤਿਵਾਦੀ ਸੰਗਠਨਾਂ ਦਾ ਸਮਰਥਨ ਕਰਨ ਕਾਰਨ ਰੱਦ ਕੀਤੇ ਗਏ ਹਨ, ਉਨ੍ਹਾਂ ਦੀ ਗਿਣਤੀ ਆਉਣ ਵਾਲੇ ਦਿਨਾਂ ’ਚ ਵਧ ਵੀ ਸਕਦੀ ਹੈ, ਕਿਉਂਕਿ ਕੈਚ ਐਂਡ ਰਿਵੋਕ ਐਪ ਰਾਹੀਂ ਇਹ ਕਾਰਵਾਈ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।