Putin Car Blast: ਪੁਤਿਨ ਦੀ ਗੱਡੀ ’ਚ ਧਮਾਕਾ ਪਰ ਪੁਤਿਨ ਸੁਰੱਖਿਅਤ
ਜਾਣਕਾਰੀ ਅਨੁਸਾਰ ਇਹ ਹਾਦਸਾ ਮਾਸਕੋ ਦੀ ਐਫ਼.ਸੀ.ਬੀ. ਸੀਕ੍ਰੇਟ ਸਰਵਿਸ ਹੈੱਡਕੁਆਰਟਰ ਨੇੜੇ ਹੋਇਆ
Putin Car Blast: ਰੂਸ ਦੀ ਰਾਜਧਾਨੀ ਮਾਸਕੋ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਸ਼ਟਰਪਤੀ ਪੁਤਿਨ ਦੀ ਇਕ ਲਿਮੋਜ਼ਿਨ ਕਾਰ ’ਚ ਧਮਾਕੇ ਮਗਰੋਂ ਅੱਗ ਲੱਗ ਗਈ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਹ ਹਾਦਸਾ ਯੂਕ੍ਰੇਨੀ ਰਾਸ਼ਟਰਪਤੀ ਜ਼ੈਲੇਂਸਕੀ ਦੇ ਉਸ ਬਿਆਨ ਤੋਂ ਕੁੱਝ ਦਿਨ ਬਾਅਦ ਹੀ ਹੋਇਆ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਪੁਤਿਨ ਛੇਤੀ ਹੀ ਮਰ ਜਾਣਗੇ ਤੇ ਫਿਰ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਵੀ ਖ਼ਤਮ ਹੋ ਜਾਵੇਗੀ।
ਜਾਣਕਾਰੀ ਅਨੁਸਾਰ ਇਹ ਹਾਦਸਾ ਮਾਸਕੋ ਦੀ ਐਫ਼.ਸੀ.ਬੀ. ਸੀਕ੍ਰੇਟ ਸਰਵਿਸ ਹੈੱਡਕੁਆਰਟਰ ਨੇੜੇ ਹੋਇਆ, ਜਿੱਥੇ ਉਨ੍ਹਾਂ ਦੇ ਕਾਫ਼ਲੇ ਦੀ 2,75,000 ਪੌਂਡ (ਕਰੀਬ 3 ਕਰੋੜ ਰੁਪਏ) ਕੀਮਤ ਵਾਲੀ ਲਿਮੋਜ਼ਿਨ ਸੜ ਕੇ ਸੁਆਹ ਹੋ ਗਈ। ਹਾਲਾਂਕਿ ਹਾਦਸੇ ਸਮੇਂ ਗੱਡੀ ’ਚ ਕੌਣ ਸੀ, ਇਸ ਬਾਰੇ ਹਾਲੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਤਾਂ ਫ਼ਿਲਹਾਲ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫ਼ੁਟੇਜ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਦਿਖਾਈ ਦੇ ਰਿਹਾ ਹੈ ਕਿ ਅੱਗ ਕਾਰ ਦੇ ਇੰਜਣ ਤੋਂ ਸ਼ੁਰੂ ਹੋਈ, ਜਿਸ ਨੇ ਬਾਅਦ ’ਚ ਪੂਰੀ ਗੱਡੀ ਨੂੰ ਹੀ ਅਪਣੀ ਲਪੇਟ ’ਚ ਲੈ ਲਿਆ। ਇਸ ਮਗਰੋਂ ਇਲਾਕੇ ’ਚ ਨੇੜੇ ਰੈਸਟੋਰੈਂਟਾਂ ਤੇ ਹੋਰ ਦੁਕਾਨਾਂ ’ਤੇ ਕੰਮ ਕਰਦੇ ਲੋਕਾਂ ਨੇ ਐਮਰਜੈਂਸੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਭੱਜ ਕੇ ਕਾਰ ਸਵਾਰ ਦੀ ਮਦਦ ਕੀਤੀ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਮਾਸਕੋ ਨੂੰ ਸੁਰੱਖਿਆ ਦੇ ਨਜ਼ਰੀਏ ਨਾਲ ਇਕ ਕਾਫ਼ੀ ਸੁਰੱਖਿਅਤ ਇਲਾਕਾ ਮੰਨਿਆ ਜਾਂਦਾ ਹੈ, ਪਰ ਫਿਰ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਹਾਦਸਾ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਹੈ।