South Korea: ਦਖਣੀ ਕੋਰੀਆ ’ਚ ਮੁੰਡੇ-ਕੁੜੀ ਨੂੰ ਮੁਲਾਕਾਤ ਤੇ ਵਿਆਹ ਲਈ ਮਿਲਣਗੇ ਪੈਸੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਬੁਸਾਨ ਵਿਚ ਸਿੰਗਲਜ਼ ਲਈ ਡੇਟਿੰਗ ਸਮਾਗਮ ਆਯੋਜਤ ਕੀਤੇ ਜਾਂਦੇ ਹਨ।

In South Korea, a boy and a girl will get money for dating and marriage

 

South Korea: ਦੁਨੀਆਂ ਭਰ ਵਿਚ ਕਈ ਦੇਸ਼ ਆਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦੌਰਾਨ ਘੱਟ ਜਨਮ ਦਰ ਤੋਂ ਚਿੰਤਤ ਦੱਖਣੀ ਕੋਰੀਆ ਦੀ ਸਰਕਾਰ ਨੇ ਇਕ ਅਨੋਖਾ ਹੱਲ ਕਢਿਆ ਹੈ। ਵਿਆਹ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੌਜਵਾਨਾਂ ਨੂੰ ਮੁਲਾਕਾਤ ’ਤੇ ਜਾਣ ਅਤੇ ਵਿਆਹ ਦਾ ਖ਼ਰਚਾ ਚੁੱਕਣ ਲਈ ਤਿਆਰ ਹੈ।

ਸਰਕਾਰ ਦੀ ਇਸ ਸਕੀਮ ਨੂੰ ‘ਸਟੇਟ ਸਪਾਂਸਰਡ ਡੇਟਿੰਗ’ ਕਿਹਾ ਜਾ ਰਿਹਾ ਹੈ। ਇਸ ਤਹਿਤ ਸਰਕਾਰ ਨਾ ਸਿਰਫ਼ ਡੇਟਿੰਗ ਅਤੇ ਵਿਆਹ ਲਈ ਲੋਕਾਂ ਨੂੰ ਨਕਦੀ ਦੇ ਰਹੀ ਹੈ ਸਗੋਂ ਡੇਟਿੰਗ ਐਪਸ ਅਤੇ ਡੇਟਿੰਗ ਈਵੈਂਟਸ ਦਾ ਆਯੋਜਨ ਵੀ ਕਰ ਰਹੀ ਹੈ।

ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਬੁਸਾਨ ਵਿਚ ਸਿੰਗਲਜ਼ ਲਈ ਡੇਟਿੰਗ ਸਮਾਗਮ ਆਯੋਜਤ ਕੀਤੇ ਜਾਂਦੇ ਹਨ। ਇਨ੍ਹਾਂ ਸਮਾਗਮਾਂ ਵਿਚ ਨੌਜਵਾਨ ਲੜਕੇ-ਲੜਕੀਆਂ ਇਕ ਦੂਜੇ ਨੂੰ ਮਿਲਦੇ ਹਨ ਅਤੇ ਇਕ ਦੂਜੇ ਨੂੰ ਜਾਣਦੇ ਹਨ। ਜੇਕਰ ਉਹ ਇਕ ਦੂਜੇ ਨੂੰ ਪਸੰਦ ਕਰਨ ਲਗਦੇ ਹਨ ਅਤੇ ਜੇਕਰ ਉਹ ਡੇਟ ’ਤੇ ਜਾਣਾ ਚਾਹੁੰਦੇ ਹਨ ਤਾਂ ਇਸ ਦਾ ਖ਼ਰਚਾ ਵੀ ਸਰਕਾਰ ਚੁੱਕਦੀ ਹੈ। ਸਰਕਾਰ ਡੇਟ ’ਤੇ ਜਾਣ ਵਾਲੇ ਜੋੜਿਆਂ ਨੂੰ ਖ਼ਰਚ ਕਰਨ ਲਈ 340 ਡਾਲਰ (ਲਗਭਗ 28,000 ਰੁਪਏ) ਦਿੰਦੀ ਹੈ।

ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਪਛਾਨਣ ਅਤੇ ਸਮਝਣ ਮਗਰੋਂ ਜੇਕਰ ਜੋੜਾ ਵਿਆਹ ਕਰਵਾਉਂਦਾ ਹੈ ਤਾਂ ਸਰਕਾਰ ਉਨ੍ਹਾਂ ਨੂੰ 14,000 ਡਾਲਰ (ਕਰੀਬ 11 ਲੱਖ 60 ਹਜ਼ਾਰ ਰੁਪਏ) ਦਾ ਇਨਾਮ ਦਿੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘਰ ਖ਼ਰੀਦਣ ਵਿਚ ਸਬਸਿਡੀ ਅਤੇ ਗਰਭ-ਅਵਸਥਾ ਨਾਲ ਸਬੰਧਤ ਖ਼ਰਚਿਆਂ ਅਤੇ ਵਿਦੇਸ਼ ਯਾਤਰਾ ਲਈ ਪੈਸੇ ਦਿਤੇ ਜਾਂਦੇ ਹਨ। 

ਇਸ ਸੱਭ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿਤੀਆਂ ਜਾਂਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਵਲੋਂ ਇੰਨੀਆਂ ਪੇਸ਼ਕਸ਼ਾਂ ਦੇ ਬਾਵਜੂਦ ਅਜੇ ਤਕ ਕਿਸੇ ਨੇ ਵੀ ਵਿਆਹ ਦੇ ਇਸ ਇਨਾਮ ਦਾ ਦਾਅਵਾ ਨਹੀਂ ਕੀਤਾ ਹੈ।

ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਗੱਸਤ 2022 ਤੋਂ 2024 ਤਕ ਦੋ ਸਾਲਾਂ ਵਿਚ ਦੇਸ਼ ਦੇ ਲਗਭਗ 42 ਜ਼ਿਲ੍ਹਿਆਂ ਵਿਚ ਅਜਿਹੇ ਮੈਚ ਮੇਕਿੰਗ ਪ੍ਰੋਗਰਾਮ ਆਯੋਜਤ ਕੀਤੇ ਗਏ। ਇਨ੍ਹਾਂ ਸਮਾਗਮਾਂ ਵਿਚ 4000 ਦੇ ਕਰੀਬ ਅਣਵਿਆਹੇ ਲੋਕਾਂ ਨੇ ਹਿੱਸਾ ਲਿਆ ਪਰ ਸਿਰਫ਼ 24 ਜੋੜੇ ਹੀ ਵਿਆਹ ਦੇ ਬੰਧਨ ਵਿਚ ਬੱਝੇ।