ਜਸਟਿਨ ਟਰੂਡੋ ਸਮੇਤ ਹਜ਼ਾਰਾਂ ਨੇ ਦਿਤੀ ਵੈਨ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੋਕਾਂ ਨੇ ਮੋਮਬੱਤੀਆਂ ਬਾਲ ਕੇ, ਫੁੱਲ ਅਤੇ ਕਾਰਡਾਂ 'ਤੇ ਸੰਦੇਸ਼ ਲਿਖ ਕੇ ਮ੍ਰਿਤਕਾਂ ਦੀ ਆਤਮਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ।

Canada

ਪਿਛਲੇ ਹਫਤੇ ਵੈਨ ਹਾਦਸੇ ਵਿਚ ਮਾਰੇ ਗਏ 10 ਲੋਕਾ ਨੂੰ ਸ਼ਰਧਾਂਜਲੀ ਦੇਣ ਲਈ ਜਸਟਿਨ ਟਰੂਡੋ ਅਤੇ ਕਈ ਰਾਜਨੀਤਕ ਹਸਤੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਮੇਲ ਲਾਸਟਮੈਨ ਚੋਂਕ ਵਿਚ ਇਕੱਤਰ ਹੋ ਕੇ ਸ਼ਾਮ 7.00 ਵਜੇ ਭਿੱਜੀਆਂ ਅੱਖਾਂ ਅਤੇ ਦੁਖੀ ਦਿਲ ਨਾਲ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਵਿਚ ਗਵਰਨਰ ਜਨਰਲ ਜੂਲੀ ਪੇਇਟ, ਪ੍ਰੀਮੀਅਰ ਕੈਥਲੀਨ ਵਿੰਨ ਅਤੇ ਮੇਅਰ ਜੌਨ ਟੌਰੀ ਵੀ ਸ਼ਾਮਿਲ ਰਹੇ। ਟਰੂਡੋ ਨੇ ਮ੍ਰਿਤਕਾਂ ਅੱਗੇ ਚਿੱਟੇ ਫੁੱਲਾਂ ਦਾ ਗੁਲਦਸਤਾ ਰੱਖਿਆ। ਲੋਕਾਂ ਨੇ ਮੋਮਬੱਤੀਆਂ ਬਾਲ ਕੇ, ਫੁੱਲ ਅਤੇ ਕਾਰਡਾਂ 'ਤੇ ਸੰਦੇਸ਼ ਲਿਖ ਕੇ ਮ੍ਰਿਤਕਾਂ ਦੀ ਆਤਮਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਟੋਰਾਂਟੋ ਅੱਗ ਬੁਝਾਊ ਵਿਭਾਗ ਦੇ ਮੈਂਬਰਾਂ ਸਮੇਤ ਤਕਰੀਬਨ ਹਰ ਮਜ਼੍ਹਬ ਦੇ ਲੋਕਾਂ ਨੇ ਇਸ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ 23 ਅਪ੍ਰੈਲ ਨੂੰ ਟੋਰਾਂਟੋ ਦੇ ਯੰਗ ਸਟਰੀਟ, ਫਿੰਚ ਐਵੇਨਿਊ 'ਚ ਇਕ ਸਫੈਦ ਰੰਗ ਦੀ ਕਾਰ ਨੇ ਰਾਹਗੀਰਾਂ ਨੂੰ ਦਰੜ ਦਿੱਤਾ ਸੀ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ ਸਨ। ਇਸ ਵੈਨ ਹਮਲੇ ਨੂੰ ਕੈਨੇਡਾ ਦੇ ਹੀ ਰਹਿਣ ਵਾਲੇ ਅਲੇਕ ਮਿਨਸਿਸਅਨ ਨਾਂ ਦੇ 25 ਸਾਲਾਂ ਨੌਜਵਾਨ ਨੇ ਅੰਜ਼ਾਮ ਦਿੱਤਾ ਸੀ, ਉਸ 'ਤੇ ਫਰਸਟ ਡਿਗਰੀ ਮਰਡਰ ਦੇ ਦੋਸ਼ ਲੱਗੇ ਹਨ। ਅਲੇਕ ਦੀ ਔਰਤਾਂ ਪਰ੍ਤੀ ਨਫਰਤ ਕਾਰਣ, ਉਸ ਨੇ ਅਜਿਹੀ ਘਟਨਾ ਨੂੰ ਅੰਜ਼ਾਮ ਦਿੱਤਾ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਹੀ ਸਨ, ਜਿਨ੍ਹਾਂ ਦੀ ਟੋਰਾਂਟੋ ਪੁਲਸ ਨੇ ਪਛਾਣ ਕਰ ਲਈ ਹੈ।