ਰਿਪੁਦਮਨ ਢਿੱਲੋਂ ਬਣੇ ਬਰੈਂਪਟਨ ਨਾਰਥ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ
ਰਿਪੁਦਮਨ ਢਿੱਲੋਂ ਨੂੰ ਇਥੋ 550 ਦੇ ਕਰੀਬ ਵੋਟਾਂ ਪਈਆਂ ਦੱਸੀਆਂ ਜਾਂਦੀਆਂ ਹਨ
ਬਰੈਂਪਟਨ- ਬੀਤੇ ਸ਼ਨੀਵਾਰ ਬਰੈਂਪਟਨ ਨਾਰਥ ਵਿਖੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਨਾਮੀਨੇਸ਼ਨ ਚੋਣ ਹੋਈ। ਇਸ ਵਿਚ ਤਿੰਨ ਉਮੀਦਵਾਰ ਸੰਜੇ ਭਾਟੀਆ, ਜੋਤਵਿੰਦਰ ਸੋਢੀ ਤੇ ਰਿਪੁਦਮਨ ਢਿੱਲੋਂ ਨੇ ਭਾਗ ਲਿਆ। ਇਸ ਹਲਕੇ ਤੋਂ ਪਹਿਲਾਂ ਜਸ ਜੌਹਲ ਐਮਪੀਪੀ ਲਈ ਉਮੀਦਵਾਰ ਨਾਮਜ਼ਦ ਸਨ। ਪਰ ਕੁੱਝ ਕਾਰਨਾਂ ਕਰਕੇ ਪਾਰਟੀ ਵਲੋਂ ਜਸ ਜੌਹਲ ਦੀ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਮੁੁੜ ਚੋਣ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਦੌਰਾਨ ਬਿਜ਼ਨਸ ਮਾਲਕ ਤੇ ਕਮਿਊਨਿਟੀ ਵਾਲੰਟੀਅਰ ਸਫਦਰ ਹੁਸੈਨ ਨੂੰ ਬਰੈਂਪਟਨ ਸੈਂਟਰ ਤੋਂ ਓਨਟਾਰੀਓ ਲਿਬਰਲ ਪਾਰਟੀ ਵੱਲੋਂ ਉਮੀਦਵਾਰ ਨਾਮਜਦ ਕੀਤਾ ਗਿਆ ਹੈ।
ਸ਼ਨੀਵਾਰ ਨੂੰ ਹੋਈ ਚੋਣ ਵਿਚ ਰਿਪੁਦਮਨ ਢਿੱਲੋਂ ਨੇ ਵੱਡੇ ਫਰਕ ਨਾਲ ਸੰਜੇ ਭਾਟੀਆ ਤੇ ਜੋਤਵਿੰਦਰ ਸੋਢੀ ਨੂੰ ਪਛਾੜ ਕੇ ਇਸ ਸੀਟ ਤੋਂ ਐਮਪੀਪੀ ਦੇ ਉਮੀਦਵਾਰ ਦੀ ਦਾਅਵੇਦਾਰੀ ਨੂੰ ਪੱਕਾ ਕੀਤਾ। ਰਿਪੁਦਮਨ ਢਿੱਲੋਂ ਨੂੰ ਇਥੋ 550 ਦੇ ਕਰੀਬ, ਸੰਜੇ ਭਾਟੀਆ ਨੂੰ 170 ਤੇ ਜੋਤਵਿੰਦਰ ਸੋਢੀ ਨੂੰ 150 ਦੇ ਕਰੀਬ ਵੋਟਾਂ ਪਈਆਂ ਦੱਸੀਆਂ ਜਾਂਦੀਆਂ ਹਨ।
ਇਸ ਜਿੱਤ ਦੇ ਮੌਕੇ ਉਤੇ ਰਿਪੁਦਮਨ ਢਿਲੋਂ ਨੇ ਕਿਹਾ ਕਿ ਮੈਂ ਸਾਰੀ ਕਮਿਉਨਿਟੀ ਨੂੰ ਨਾਲ ਲੈ ਕੇ ਚੱਲਾਂਗਾ, ਇਹ ਜਿੱਤ ਮੇਰੀ ਨਹੀ ਹੈ, ਇਹ ਤੁਹਾਡੀ ਸਭ ਦੀ ਜਿੱਤ ਹੈ। ਉਨ੍ਹਾਂ ਆਪਣੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਹੁਣ ਅੱਗੇ ਚੱਲ ਕੇ ਰਿਪੁਦਮਨ ਢਿੱਲੋਂ ਦਾ ਮੁਕਾਬਲਾ ਮਿਨਿਸਟਰ ਹਰਿੰਦਰ ਮੱਲ੍ਹੀ ਨਾਲ ਹੋਵੇਗਾ। ਐਨਡੀਪੀ ਦਾ ਕੋਈ ਵੀ ਉਮੀਦਵਾਰ ਇਥੋਂ ਅਜੇ ਐਲਾਨਿਆ ਨਹੀ ਗਿਆ, 7 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ।