ਬ੍ਰਿਟੇਨ 'ਚ ਭਾਰਤੀ ਵਿਦਿਆਰਥੀਆਂ ਨੂੰ ਮਿਲੇਗੀ ਤਿੰਨ ਸਾਲ ਲਈ ਸਕਾਲਰਸ਼ਿਪ
ਇਸ ਵਿਚ ਅੱਧਾ ਵਜ਼ੀਫ਼ਾ ਮਹਿਲਾ ਵਿਦਵਾਨਾਂ ਲਈ ਰਾਖਵਾਂ ਹੋਵੇਗਾ।
ਬ੍ਰਿਟੇਨ - ਯੂਨਾਈਟਿਡ ਕਿੰਗਡਮ ਦੇ ਇੰਪੀਰੀਅਲ ਕਾਲਜ ਆਫ਼ ਇੰਜੀਨੀਅਰਿੰਗ ਨੇ ਆਪਣੇ ਮਾਸਟਰਜ਼ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਇੱਕ ਨਵੇਂ ਸਕਾਲਰਸ਼ਿਪ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਕਾਲਜ ਨੇ ਦੱਸਿਆ ਕਿ ਸਕਾਲਰਸ਼ਿਪ ਪ੍ਰੋਗਰਾਮ ਦਾ ਨਾਂ ਫਿਊਚਰ ਲੀਡਰਜ਼ ਸਕਾਲਰਸ਼ਿਪ ਰੱਖਿਆ ਗਿਆ ਹੈ। ਇਸ ਪ੍ਰੋਗਰਾਮ ਤਹਿਤ ਕਾਲਜ ਅਗਲੇ ਤਿੰਨ ਸਾਲਾਂ ਵਿਚ 30 ਵਿਦਿਆਰਥੀਆਂ ਨੂੰ ਵਜ਼ੀਫ਼ਾ ਦੇਵੇਗਾ। ਇਸ ਵਿਚ ਅੱਧਾ ਵਜ਼ੀਫ਼ਾ ਮਹਿਲਾ ਵਿਦਵਾਨਾਂ ਲਈ ਰਾਖਵਾਂ ਹੋਵੇਗਾ।
ਯੂਨਾਈਟਿਡ ਕਿੰਗਡਮ ਨੇ ਇਹ ਐਲਾਨ ਉਦੋਂ ਕੀਤਾ ਜਦੋਂ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਉੱਥੇ ਖੋਜਕਰਤਾਵਾਂ ਨੂੰ ਮਿਲਣ ਲਈ ਇੰਪੀਰੀਅਲ ਕਾਲਜ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਭਾਰਤ ਅਤੇ ਬ੍ਰਿਟੇਨ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਾਲਜ ਦਾ ਦੌਰਾ ਕੀਤਾ। ਇੰਪੀਰੀਅਲ ਕਾਲਜ, ਯੂਨਾਈਟਿਡ ਕਿੰਗਡਮ ਦੇ ਇੰਜੀਨੀਅਰਿੰਗ, ਨੈਚੁਰਲ ਸਾਇੰਸ, ਮੈਡੀਕਲ ਅਤੇ ਬਿਜ਼ਨਸ ਸਕੂਲ ਦੇ ਵਿਭਾਗਾਂ ਵਿਚ ਐਮਐਸਸੀ ਕਰਨ ਵਾਲੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਉਪਲੱਬਧ ਹੋਵੇਗੀ।
ਇੰਪੀਰੀਅਲ ਵਿਖੇ ਵਾਈਸ-ਪ੍ਰੋਵੋਸਟ (ਸਿੱਖਿਆ ਅਤੇ ਵਿਦਿਆਰਥੀ ਅਨੁਭਵ) ਪ੍ਰੋਫੈਸਰ ਪੀਟਰ ਹੇਨਸ ਨੇ ਸਕਾਲਰਸ਼ਿਪ ਪ੍ਰੋਗਰਾਮ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਦਰਮਿਆਨ ਦੋ-ਪੱਖੀ ਸਬੰਧਾਂ ਦਾ ਸਮਰਥਨ ਕਰਨਾ ਇੰਪੀਰੀਅਲ ਕਾਲਜ ਦੀ ਤਰਜੀਹ ਹੈ। ਪੀਟਰ ਹੇਨਸ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਭਾਰਤ ਤੋਂ ਹੋਰ ਵਿਦਿਆਰਥੀਆਂ ਦਾ ਸੁਆਗਤ ਕਰ ਸਕਾਂਗੇ। ਮੈਨੂੰ ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੰਪੀਰੀਅਲ ਭਾਰਤ ਦੇ ਇੱਕ ਸੰਭਾਵੀ STM-B ਵਿਦਵਾਨ ਲਈ ਸਕਾਲਰਸ਼ਿਪ ਦੀ ਪੇਸ਼ਕਸ਼ ਕਰਨ ਜਾ ਰਿਹਾ ਹੈ। ਇਸ ਦੇ ਲਈ 400,000 ਪੌਂਡ (4 ਕਰੋੜ 10 ਲੱਖ) ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਯੂਨਾਈਟਿਡ ਕਿੰਗਡਮ ਦਾ ਇੰਪੀਰੀਅਲ ਕਾਲਜ ਅਗਲੇ ਤਿੰਨ ਸਾਲਾਂ ਵਿਚ ਮੈਰਿਟ ਦੇ ਆਧਾਰ 'ਤੇ 30 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਵੇਗਾ। ਇਸ ਲਈ ਅਰਜ਼ੀ ਦਾ ਸਮਾਂ ਅਗਲੇ ਸਮੈਸਟਰ ਵਿਚ ਸ਼ੁਰੂ ਹੋਵੇਗਾ। ਇਸ ਵੱਕਾਰੀ ਫਿਊਚਰ ਲੀਡਰਜ਼ ਸਕਾਲਰਸ਼ਿਪ ਵਿਚ ਘੱਟੋ-ਘੱਟ 50 ਫ਼ੀਸਦੀ ਸੀਟਾਂ ਮਹਿਲਾ ਵਿਦਵਾਨਾਂ ਲਈ ਰਾਖਵੀਆਂ ਹੋਣਗੀਆਂ। ਇੰਪੀਰੀਅਲ ਕਾਲਜ ਦੇ ਪ੍ਰੋਫੈਸਰ ਨੇ ਕਿਹਾ ਕਿ ਇਹ ਆਉਣ ਵਾਲੇ ਸਮੇਂ ਵਿਚ ਯੂਕੇ-ਭਾਰਤ ਭਾਈਵਾਲੀ ਨੂੰ ਸਮਰਥਨ ਦੇਣ ਲਈ ਕੰਮ ਕਰੇਗਾ।