ਚੀਨੀ ਸਰਕਾਰ ਵਲੋਂ ਵਿਗਿਆਨੀਆਂ ’ਤੇ ਦਬਾਅ ਜੱਗ-ਜ਼ਾਹਰ, ਪਹਿਲਾ ਕੋਵਿਡ ਵਾਇਰਸ ਸੀਕੁਐਂਸ ਪ੍ਰਕਾਸ਼ਿਤ ਕਰਨ ਵਾਲੇ ਵਿਗਿਆਨੀ ਨੂੰ ਲੈਬ ’ਚੋਂ ਕਢਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਾਇਰੋਲੋਜਿਸਟ ਝਾਂਗ ਯੋਂਗਜ਼ੇਨ ਧਰਨੇ ’ਤੇ ਬੈਠਣ ਲਈ ਮਜਬੂਰ

Virologist Zhang Yongzhen

ਸ਼ੰਘਾਈ: ਚੀਨ ’ਚ ਕੋਵਿਡ-19 ਵਾਇਰਸ ਦਾ ਪਹਿਲਾ ਸੀਕੁਐਂਸ ਪ੍ਰਕਾਸ਼ਿਤ ਕਰਨ ਵਾਲੇ ਵਿਗਿਆਨੀ ਨੂੰ ਅਪਣੀ ਲੈਬ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ ਹੈ। 

ਵਾਇਰੋਲੋਜਿਸਟ ਝਾਂਗ ਯੋਂਗਜ਼ੇਨ ਨੇ ਸੋਮਵਾਰ ਨੂੰ ਇਕ ਆਨਲਾਈਨ ਪੋਸਟ ਵਿਚ ਲਿਖਿਆ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਅਚਾਨਕ ਪਤਾ ਲੱਗਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਲੈਬ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ। ਝਾਂਗ ਨੇ ਪਹਿਲੀ ਵਾਰ ਜਨਵਰੀ 2020 ਦੀ ਸ਼ੁਰੂਆਤ ’ਚ ਕੋਵਿਡ-19 ਵਾਇਰਸ ਦਾ ਇਕ ਸੀਕੁਐਂਸ ਪ੍ਰਕਾਸ਼ਤ ਕੀਤਾ ਸੀ। 

ਇਹ ਕਦਮ ਦਰਸਾਉਂਦਾ ਹੈ ਕਿ ਕਿਵੇਂ ਚੀਨੀ ਸਰਕਾਰ ਲਗਾਤਾਰ ਵਿਗਿਆਨੀਆਂ ’ਤੇ ਦਬਾਅ ਅਤੇ ਕੰਟਰੋਲ ਰਖ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨਾਲ ਨਜਿੱਠਣ ਦੇ ਤਰੀਕੇ ਦੀ ਸਮੀਖਿਆ ਨਾ ਕੀਤੀ ਜਾ ਸਕੇ। 

ਝਾਂਗ ਨੇ ਚੀਨੀ ਸੋਸ਼ਲ ਮੀਡੀਆ ਮੰਚ ਵੀਬੋ ’ਤੇ ਪੋਸਟ ਲਿਖੀ ਸੀ ਪਰ ਬਾਅਦ ਵਿਚ ਇਸ ਨੂੰ ਡਿਲੀਟ ਕਰ ਦਿਤਾ ਗਿਆ।ਉਨ੍ਹਾਂ ਲਿਖਿਆ ਸੀ, ‘‘ਮੈਂ ਨਾ ਹੀ ਜਾਵਾਂਗਾ, ਨਾ ਹੀ ਹਾਰ ਮੰਨਾਂਗਾ। ਮੈਂ ਵਿਗਿਆਨ ਅਤੇ ਸਚਾਈ ਦੇ ਨਾਂ ’ਤੇ ਅਪਣਾ ਕੰਮ ਕਰਨਾ ਜਾਰੀ ਰੱਖਾਂਗਾ।’’ ਹਾਲਾਂਕਿ ਬਾਅਦ ’ਚ ਇਸ ਨੂੰ ਡਿਲੀਟ ਕਰ ਦਿਤਾ ਗਿਆ। ਝਾਂਗ ਬਾਹਰ ਕੱਢੇ ਜਾਣ ਤੋਂ ਬਾਅਦ ਵਿਰੋਧ ’ਚ ਲੈਬ ਦੇ ਬਾਹਰ ਬੈਠ ਗਏ। ਉਨ੍ਹਾਂ ਨੇ ਪੋਸਟ ’ਚ ਲਿਖਿਆ ਕਿ ਉਹ ਮੀਂਹ ਦੇ ਬਾਵਜੂਦ ਬੈਠੇ ਹਨ। 

ਮੰਗਲਵਾਰ ਨੂੰ ਫੋਨ ’ਤੇ ਸੰਪਰਕ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਫੋਨ ’ਤੇ ਗੱਲ ਕਰਨਾ ‘ਮੁਸ਼ਕਲ’ ਸੀ ਪਰ ਉਨ੍ਹਾਂ ਦੇ ਇਕ ਸਹਿਯੋਗੀ ਨੇ ਸੋਮਵਾਰ ਨੂੰ ਵਿਰੋਧ ਪ੍ਰਦਰਸ਼ਨ ਦੀ ਪੁਸ਼ਟੀ ਕੀਤੀ।