ਮਲੇਸ਼ੀਆ ਵਲੋਂ ਲਾਪਤਾ ਜਹਾਜ਼ MH- 370 ਦੀ ਭਾਲ ਹੋਈ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਹਾਜ਼ 'ਚ ਸਵਾਰ ਯਾਤਰੀਆਂ ਦੇ ਪਰਿਵਾਰ ਵਾਲਿਆਂ ਨੇ ਭਾਲ ਬੰਦ ਕਰਨ ਦੇ ਫੈਸਲੇ 'ਤੇ ਨਾਖੁਸ਼ੀ ਪ੍ਰਗਟਾਈ ਹੈ

Search operation

ਕੁਆਂਲਾਲੰਪੁਰ — ਮਲੇਸ਼ੀਆ ਸਰਕਾਰ ਨੇ 4 ਸਾਲ ਪਹਿਲਾਂ ਲਾਪਤਾ ਹੋਏ ਜਹਾਜ਼ ਐਮ ਐਚ- 370 ਦੀ ਭਾਲ ਮੰਗਲਵਾਰ ਨੂੰ ਬੰਦ ਕਰ ਦਿਤੀ। ਮਲੇਸ਼ੀਆ ਏਅਰਲਾਇੰਸ ਦੀ ਫਲਾਈਟ ਐੱਮ. ਐੱਚ-370 ਨੇ ਮਾਰਚ 8, 2014 ਨੂੰ ਕੁਆਲਾਲੰਪੁਰ ਤੋਂ ਬੀਜ਼ਿੰਗ ਲਾਇ ਉਡਾਣ ਭਾਰੀ ਸੀ ਪਰ ਇਹ ਜਹਾਜ਼ ਕੁਝ ਸਮੇਂ ਮਗਰੋਂ ਰਡਾਰ ਤੋਂ ਲਾਪਤਾ ਹੋ ਗਈ ਸੀ। ਜਹਾਜ਼ 'ਚ ਕੁਲ 239 ਯਾਤਰੀ ਸਵਾਰ ਸਨ। ਸਾਲ 2017 ਵਿਚ ਆਸਟ੍ਰੇਲੀਆ, ਮਲੇਸ਼ੀਆ ਅਤੇ ਚੀਨ ਦੀਆਂ ਸਰਕਾਰਾਂ ਨੇ ਜਹਾਜ਼ ਦੀ ਭਾਲ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ, ਪਰ ਹਾਦਸੇ ਚ ਮਾਰੇ ਗਏ ਯਾਤਰੀਆਂ ਦੇ ਸਕੇ ਸਬੰਧੀਆਂ ਦੇ ਦਬਾਅ ਹੇਠ ਮਲੇਸ਼ੀਆ ਸਰਕਾਰ ਨੇ ਇਕ ਨਿਜੀ ਅਮਰੀਕੀ ਕੰਪਣੀ ਓਸ਼ੀਅਨ ਇਨਫੀਨਿਟੀ ਨਾਲ ਜਹਾਜ਼ ਦੀ ਭਾਲ ਕਰਨ ਦਾ ਸਮਝੌਤਾ ਕੀਤਾ। 

ਕੰਪਣੀ ਬੀਤੇ ਜਨਵਰੀ ਮਹੀਨੇ ਤੋਂ ਹਿੰਦ ਮਹਾਸਾਗਰ 'ਚ ਜਹਾਜ਼ ਦੀ ਭਾਲ ਕਰ ਰਹੀ ਸੀ, ਪਰ ਜਹਾਜ਼ ਦਾ ਕੁਝ ਪਤਾ ਨਾ ਲੱਗਾ। ਸਾਬਕਾ ਪ੍ਰਧਾਨ ਮੰਤਰੀ ਨਜ਼ੀਬ ਰੱਜ਼ਾਕ ਨੇ ਕੰਪਨੀ ਨਾਲ ਸਮਝੌਤਾ ਕੀਤਾ ਸੀ ਜਿਸ ਦੇ ਤਹਿਤ ਜਹਾਜ਼ ਦਾ ਮਲਬਾ ਲੱਭਣ 'ਚ ਸਫਲ ਹੋਣ 'ਤੇ ਕੰਪਨੀ ਨੂੰ 7 ਕਰੋੜ ਡਾਲਰ (ਕਰੀਬ 475 ਕਰੋੜ ਰੁਪਏ) ਦਾ ਭੁਗਤਾਨ ਕੀਤਾ ਜਾਣਾ ਸੀ।  ਮਲੇਸ਼ੀਆ ਦੇ ਪਰਿਵਹਨ ਮੰਤਰੀ ਐਂਥੋਨੀ ਲੋਕ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਖੋਜ ਨਾਲ ਸਬੰਧਿਤ ਰਿਪੋਰਟ ਜਲਦ ਹੀ ਜਾਰੀ ਕੀਤੀ ਜਾਵੇਗੀ। ਜਹਾਜ਼ 'ਚ ਸਵਾਰ ਯਾਤਰੀਆਂ ਦੇ ਪਰਿਵਾਰ ਵਾਲਿਆਂ ਨੇ ਭਾਲ ਬੰਦ ਕਰਨ ਦੇ ਫੈਸਲੇ 'ਤੇ ਨਾਖੁਸ਼ੀ ਪ੍ਰਗਟਾਈ ਹੈ।