ਮਲੇਸ਼ੀਆ ਦੇ ਸਾਬਕਾ ਪੀ.ਐਮ ਨੂੰ ਅਪਣੀ ਹੀ ਪਾਰਟੀ ਨੇ ਕਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੂੰ ਉਨ੍ਹਾਂ ਦੀ ਹੀ ਪਾਰਟੀ ਬਰਸਾਤੂ ਤੋਂ ਬਰਖ਼ਾਸਤ ਕਰ ਦਿਤਾ ਗਿਆ ਹੈ।

Mahathir Mohamad

ਕੁਆਲੰਲਪੁਰ, 29 ਮਈ : ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੂੰ ਉਨ੍ਹਾਂ ਦੀ ਹੀ ਪਾਰਟੀ ਬਰਸਾਤੂ ਤੋਂ ਬਰਖ਼ਾਸਤ ਕਰ ਦਿਤਾ ਗਿਆ ਹੈ। ਮਹਾਤਿਰ ਨੇ ਇਸ ਕਦਮ ਨੂੰ ਚੁਣੌਤੀ ਦੇਣ ਦਾ ਸੰਕਲਪ ਲਿਆ ਹੈ। 94 ਸਾਲਾ ਮਹਾਤਿਰ ਨੂੰ ਉਨ੍ਹਾਂ ਦੇ ਪੁੱਤਰ ਅਤੇ 3 ਹੋਰ ਸੀਨੀਅਰ ਮੈਂਬਰ ਦੇ ਨਾਲ ਸ਼ੁਕਰਵਾਰ ਨੂੰ ਪਾਰਟੀ ਤੋਂ ਬਰਖਾਸਤ ਕਰ ਦਿਤਾ ਗਿਆ। ਸਿਆਸੀ ਤਣਾਤਣੀ ਤੋਂ ਬਾਅਦ ਮਹਾਤਿਰ ਨੇ ਫ਼ਰਵਰੀ ਵਿਚ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਮੋਹੀਓਦਿਨ ਯਾਸੀਨ ਮਹਾਤਿਰ ਦੇ ਇਤਰਾਜ਼ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ।ਇਸ ਤੋਂ ਬਾਅਦ ਪਾਰਟੀ 2 ਖੇਮਿਆਂ ਵਿਚ ਵੰਡੀ ਗਈ ਹੈ।

ਮਹਾਤਿਰ ਦੇ ਪੁੱਤਰ ਮੁਖਰਿਜ ਮਹਾਤਿਰ ਨੇ ਪਾਰਟੀ ਪ੍ਰਧਾਨ ਦੇ ਰੂਪ ਵਿਚ ਮੋਹੀਓਦਿਨ ਨੂੰ ਚੁਣੌਤੀ ਦਿੱਤੀ ਹੈ। ਪ੍ਰਧਾਨ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਕੋਰੋਨਾਵਾਇਰਸ ਮਹਾਮਾਰੀ ਕਾਰਨ ਰੱਦ ਕਰ ਦਿਤੀਆਂ ਗਈਆਂ ਹਨ। ਮਹਾਤਿਰ ਅਤੇ ਬਰਖਾਸਤ ਕੀਤੇ ਗਏ 4 ਹੋਰ ਨੇਤਾਵਾਂ ਨੇ ਇਕ ਸੰਯੁਕਤ ਬਿਆਨ ਵਿਚ ਕਿਹਾ ਕਿ ਬਰਸਾਤੂ ਪ੍ਰਧਾਨ ਨੇ ਬਿਨਾਂ ਕਿਸੇ ਕਾਨੂੰਨੀ ਕਾਰਨ ਸਾਨੂੰ ਬਰਖਾਸਤ ਕਰਨ ਦਾ ਇਕ ਪਾਸੜ ਕਦਮ ਪਾਰਟੀ ਚੋਣਾਂ ਨੂੰ ਲੈ ਕੇ ਆਪਣੇ ਡਰ ਅਤੇ ਦੇਸ਼ ਦੇ ਪ੍ਰਸ਼ਾਸਨ ਦੇ ਇਤਿਹਾਸ ਵਿਚ ਸਭ ਤੋਂ ਅਸਥਿਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣੀ ਅਸੁਰੱਖਿਅਤ ਸਥਿਤੀ ਕਾਰਨ ਚੁੱਕਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਕਦਮ ਗੈਰ-ਕਾਨੂੰਨੀ ਹੈ ਅਤੇ ਉਹ ਇਸ ਕਦਮ ਨੂੰ ਚੁਣੌਚੀ ਦੇਣ ਅਤੇ ਇਹ ਯਕੀਨਨ ਕਰਨ ਲਈ ਕਾਨੂੰਨੀ ਕਦਮ ਚੁੱਕ ਸਕਦੇ ਹਨ ਕਿ ਬਰਸਾਤੂ ਸੱਤਾ ਦੇ ਲਾਲਚੀ ਲੋਕਾਂ ਦਾ ਹਥਿਆਰ ਬਣ ਪਾਵੇ। ਮਲੇਸ਼ੀਆ ਵਿਚ ਸੱਤਾ ਦਾ ਸੰਕਟ ਉਸ ਵੇਲੇ ਪੈਦਾ ਹੋਇਆ ਹੈ ਜਦ ਮਹਾਤਿਰ ਅਤੇ ਅਨਵਰ ਇਬਰਾਹਿਮ ਦਾ ਸੱਤਾਧਾਰੀ 'ਪੈਕਟ ਆਫ ਹੋਪ' ਗਠਜੋੜ ਟੁੱਟ ਗਿਆ। ਇਸ ਗਠਜੋੜ ਨੇ 2 ਸਾਲ ਪਹਿਲਾਂ ਨਜ਼ੀਬ ਰਜ਼ਾਕ ਦੀ ਸਰਕਾਰ ਖਿਲਾਫ ਇਤਿਹਾਸਕ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਮਹਾਤਿਰ ਨੇ ਅਸਤੀਫਾ ਦੇ ਦਿੱਤਾ ਜਿਸ ਨਾਲ ਪ੍ਰਧਾਨ ਮੰਤਰੀ ਅਹੁਦੇ ਲਈ ਦੌੜ ਸ਼ੁਰੂ ਹੋਈ, ਜਿਸ ਵਿਚ ਯਾਸੀਨ ਨੇ ਜਿੱਤ ਹਾਸਲ ਕੀਤੀ। ਦੱਸ ਦਈਏ ਕਿ ਮਹਾਤਿਰ ਹਮੇਸ਼ਾ ਪਾਕਿਸਤਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਭਾਰਤੀ ਖਿਲਾਫ ਬੋਲਦੇ ਰਹੇ ਹਨ।