ਨਿਊਜ਼ੀਲੈਂਡ 'ਚ 7ਵੇਂ ਦਿਨ ਵੀ ਨਹੀਂ ਆਇਆ ਕੋਰੋਨਾ ਦਾ ਕੋਈ ਨਵਾਂ ਕੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਵਿ ਪਿਛਲੇ ਪੂਰਾ ਹਫ਼ਤਾ ਜਿਥੇ ਕੋਈ ਵੀ ਨਵਾਂ ਕੇਸ ਤੋਂ ਬਿਨਾਂ ਲੰਘ ਗਿਆ ਹੈ

Corona Virus

ਔਕਲੈਂਡ 29 ਮਈ (ਹਰਜਿੰਦਰ ਸਿੰਘ ਬਸਿਆਲਾ):ਨਿਊਜ਼ੀਲੈਂਡ ਵਿ ਪਿਛਲੇ ਪੂਰਾ ਹਫ਼ਤਾ ਜਿਥੇ ਕੋਈ ਵੀ ਨਵਾਂ ਕੇਸ ਤੋਂ ਬਿਨਾਂ ਲੰਘ ਗਿਆ ਹੈ ਉਥੇ ਐਕਟਿਵ ਕੇਸਾਂ ਦੀ ਗਿਣਤੀ ਵੀ ਘੱਟਦੀ ਘਟਦੀ ਅੱਜ ਇਕ ਰਹਿ ਗਈ ਹੈ। ਪੰਜਾਬੀ ਬਜ਼ੁਰਗਾਂ ਦੀ ਢਾਣੀ ਉਤੇ ਦੇਸ਼ ਦੀ ਪ੍ਰਧਾਨ ਮੰਤਰੀ ਦੇ ਅਸਲ ਨਾਂ ਜੈਸਿੰਡਾ ਆਰਡਨ ਨੂੰ ਕਈ ਵਾਰ ਸਾਡੇ  ਬਜ਼ੁਰਗ ਪਿਆਰ ਨਾਲ 'ਸ਼ਿੰਦੀ' ਕਹਿ ਛੱਡਦੇ ਹਨ ਅਤੇ ਅੱਜ ਉਹ 'ਜਿਊਂਦੀ ਰਹਿ ਸ਼ਿੰਦੀਏ' ਕਹਿੰਦੇ ਹੋਣਗੇ।

ਦੇਸ਼ ਵਿਚ ਕੋਵਿਡ 19 ਦੇ 1504 ਕੇਸ ਹੀ ਹਨ। ਪਿਛਲੇ 24 ਘੰਟਿਆਂ ਤਕ ਕੋਰੋਨਾ ਤੋਂ 7 ਹੋਰ ਲੋਕ ਰਿਕਵਰ ਹੋਏ ਹਨ ਤੇ ਸਿਰਫ਼ 1 ਐਕਟਿਵ ਕੇਸ ਹੀ ਰਹਿ ਗਏ ਹਨ। ਨਿਊਜ਼ੀਲੈਂਡ 'ਚ ਕੋਈ ਵੀ ਮਰੀਜ਼ ਕੋਵਿਡ-19 ਦੇ ਨਾਲ ਹਸਪਤਾਲ ਵਿਚ ਨਹੀਂ ਹੈ ਅਤੇ ਰੀਪੋਰਟ ਕਰਨ ਲਈ ਕੋਈ ਵਾਧੂ ਮੌਤਾਂ ਨਹੀਂ ਹੈ। ਨਿਊਜ਼ੀਲੈਂਡ 'ਚ ਕੋਰੋਨਾ ਤਾਲਾਬੰਦੀ ਅਜੇ ਪੱਧਰ 2 ਉੱਤੇ ਹੈ ਤੇ ਘੱਟੋ-ਘੱਟ 22 ਜੂਨ ਤਕ ਇਹ ਰਹੇਗੀ ਪਰ ਅੱਜ ਦੁਪਹਿਰ ਨੂੰ ਸਮਾਜਿਕ ਇਕਠਾਂ ਉਤੇ  ਪਾਬੰਦੀਆਂ ਨੂੰ ਘਟਾ ਦਿਤਾ ਗਿਆ ਹੈ ਅਤੇ ਲੋਕ ਹੁਣ 1 ਮੀਟਰ ਦਾ ਫ਼ਾਸਲਾ ਰੱਖ ਕੇ 100 ਦੀ ਗਿਣਤੀ ਤਕ ਇਕੱਠੇ ਹੋ ਸਕਦੇ ਹਨ।

ਧਾਰਮਕ ਸਥਾਨਾਂ ਅਤੇ ਅੰਤਿਮ ਸਸਕਾਰ ਵਰਗੇ ਸਮਾਗਮਾਂ 'ਤੇ ਇਕੱਠੇ ਹੋ ਸਕਦੇ ਹਨ। ਕੁੱਝ ਕਮਿਊਨਿਟੀ ਖੇਡਾਂ ਵੀ ਇਸ ਹਫ਼ਤੇ ਦੇ ਅੰਤ 'ਚ ਦੁਬਾਰਾ ਸ਼ੁਰੂ ਹੋਣਗੀਆਂ।  ਮੰਤਰਾਲੇ ਨੇ ਸਾਰਿਆਂ ਨੂੰ ਸਲਾਹ ਦਿਤੀ ਕਿ ਉਹ ਇਸ ਰਾਹਤ ਨੂੰ ਸੁਰੱਖਿਅਤ ਰੂਪ ਵਿਚ ਲੈਣ। ਸਮਾਜਿਕ ਇਕੱਠ ਦੇ ਇੰਚਾਰਜ ਵਿਅਕਤੀ ਨੂੰ ਲਾਜ਼ਮੀ ਤੌਰ 'ਤੇ ਸੰਪਰਕ ਟਰੇਸਿੰਗ ਦੇ ਉਦੇਸ਼ਾਂ ਲਈ ਰੀਕਾਰਡ ਰਖਣਾ ਲਾਜ਼ਮੀ ਹੈ, ਸਿਵਾਏ ਉਨ੍ਹਾਂ ਮਾਮਲਿਆਂ ਵਿਚ ਜਿਥੇ ਇਕੱਠ ਵਿਚ ਹਰ ਵਿਅਕਤੀ ਇਕ ਦੂਜੇ ਨੂੰ ਜਾਣਦਾ ਹੈ। ਇਸ ਦੇ ਲਈ ਐਪ ਵੀ ਬਣਾਈ ਗਈ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਕੁੱਲ 4162 ਹੋਰ ਟੈੱਸਟ ਪੂਰੇ ਹੋਏ, ਜਿਨ੍ਹਾਂ ਨੂੰ ਮਿਲਾ ਕੇ ਦੇਸ਼ ਭਰ 'ਚ 275,852 ਟੈੱਸਟ ਕੀਤੇ ਗਏ ਹਨ।