ਪਾਕਿ : ਹਾਦਸਾਗ੍ਰਸਤ ਜਹਾਜ਼ ਦੇ ਮਲਬੇ ’ਚੋਂ ਮਿਲੀ 3 ਕਰੋੜ ਰੁਪਏ ਦੀ ਨਕਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋ ਥੈਲਿਆਂ ’ਚ ਪਈ ਮਿਲੀ ਨਕਦੀ, ਜਾਂਚ ਦੇ ਹੁਕਮ ਜਾਰੀ 

File Photo

ਕਰਾਚੀ, 29 ਮਈ : ਪਾਕਿਸਤਾਨ ’ਚ ਅੰਤਰਰਾਸ਼ਟਰੀ ਏਅਰਲਾਈਨ ਦੇ ਹਾਦਸਾਗ੍ਰਸਤ ਜਹਾਜ਼ ਦੇ ਮਲਬੇ ਵਿਚੋਂ 3 ਕਰੋੜ ਰੁਪਏ ਦੀ ਨਕਦ ਰਾਸ਼ੀ ਬਰਾਮਦ ਹੋਈ ਹੈ। ਇਸ ਜਹਾਜ਼ ਵਿਚ 99 ਲੋਕ ਸਵਾਰ ਸਨ ਜਿਹਨਾਂ ਵਿਚ 9 ਬੱਚਿਆਂ ਸਮੇਤ 97 ਲੋਕਾਂ ਦੀ ਮੌਤ ਹੋ ਗਈ। ਪਿਛਲੇ ਹਫ਼ਤੇ ਜਹਾਜ਼ ਪੀ.ਕੇ-8303 ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਅਤੇ ਇਸ ਦੌਰਾਨ ਉਹ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਦੇ ਰਿਹਾਇਸ਼ੀ ਇਲਾਕੇ ਵਿਚ ਕਰੈਸ਼ ਹੋ ਗਿਆ। ਚਮਤਕਾਰੀ ਤਰੀਕੇ ਨਾਲ 2 ਯਾਤਰੀ ਸੁਰੱਖਿਅਤ ਬਚ ਗਏ।

ਇਕ ਅਧਿਕਾਰੀ ਨੇ ਵੀਰਵਾਰ ਨੂੰ ਦਸਿਆ ਕਿ ਜਹਾਜ਼ ਦੇ ਮਲਬੇ ਤੋਂ ਜਾਂਚਕਰਤਾ ਅਤੇ ਬਚਾਅ ਅਧਿਕਾਰੀਆਂ ਨੇ ਵੱਖ ਵੱਖ ਦੇਸ਼ਾਂ ਦੀਆਂ ਕਰੰਸੀਆਂ ਬਰਾਮਦ ਕੀਤੀਆਂ ਹਨ, ਜਿਸ ਦੀ ਕੀਮਤ ਕਰੀਬ 3 ਕਰੋੜ ਰੁਪਏ ਹੈ। ਅਧਿਕਾਰੀ ਨੇ ਦਸਿਆ ਕਿ ਇਸ ਸੰਬੰਧ ਵਿਚ ਜਾਂਚ ਦੇ ਆਦੇਸ਼ ਦਿਤੇ ਗਏ ਹਨ ਕਿ ਇੰਨੀ ਵੱਡੀ ਮਾਤਰਾ ਵਿਚ ਨਕਦ ਰਾਸ਼ੀ ਹਵਾਈ ਅੱਡੇ ਦੇ ਸੁਰੱਖਿਆ ਅਤੇ ਸਾਮਾਨ ਜਾਂਚ ਸਿਸਟਮ ਵਿਚੋਂ ਕਿਵੇਂ ਲੰਘ ਗਈ।

ਉਹਨਾਂ ਨੇ ਕਿਹਾ ਕਿ ਇਹ ਰਾਸ਼ੀ ਦੋ ਥੈਲਿਆਂ ਵਿਚ ਪਈ ਮਿਲੀ ਹੈ। ਅਧਿਕਾਰੀ ਨੇ ਦਸਿਆ ਕਿ ਲਾਸ਼ਾਂ ਅਤੇ ਸਾਮਾਨ ਦੀ ਪਛਾਣ ਦੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਜੋ ਲਾਸ਼ਾਂ ਉਹਨਾਂ ਦੇ ਪ੍ਰਵਾਰ ਵਾਲਿਆਂ ਨੂੰ ਸੌਂਪੀਆ ਜਾ ਸਕਣ। ਇਸ ਹਾਦਸੇ ਵਿਚ ਚਾਲਕ ਦਲ ਦੇ ਮੈਂਬਰਾਂ ਸਮੇਤ 97 ਲੋਕਾਂ ਦੀ ਮੌਤ ਹੋਈ ਸੀ। ਇਹ ਪਾਕਿਸਤਾਨ ਦੇ ਇਤਿਹਾਸ ਵਿਚ ਹੁਣ ਤਕ ਦੇ ਸਭ ਤੋਂ ਵੱਡੇ ਜਹਾਜ਼ ਹਾਦਸਿਆਂ ਵਿਚੋਂ ਇਕ ਹੈ। ਵੀਰਵਾਰ ਨੂੰ ਇਕ ਅਧਿਕਾਰੀ ਨੇ ਦਸਿਆ ਕਿ 47 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਹੁਣ ਤਕ 43 ਲਾਸ਼ਾਂ  ਨੂੰ ਅੰਤਿਮ ਸੰਸਕਾਰ ਲਈ ਪ੍ਰਵਾਰ ਵਾਲਿਆਂ ਨੂੰ ਸੌਂਪ ਦਿਤਾ ਗਿਆ ਹੈ।                       (ਪੀਟੀਆਈ)