ਘਰ 'ਚ ਮਾਸਕ ਪਾਉਣਾ ਪ੍ਰਵਾਰ ਨੂੰ ਕੋਰੋਨਾ ਤੋਂ ਬਚਾਉਣ ਲਈ ਮਦਦਗਾਰ : ਅਧਿਐਨ
ਬੀਜਿੰਗ 'ਚ ਵਸਦੇ 124 ਪ੍ਰਵਾਰਾਂ ਦੇ 460 ਲੋਕਾਂ 'ਤੇ ਕੀਤਾ ਗਿਆ ਅਧਿਐਨ
ਬੀਜਿੰਗ, 29 ਮਈ : ਪ੍ਰਵਾਰ ਦੇ ਕਿਸੇ ਮੈਂਬਰ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਘਰ ਵਿਚ ਮਾਸਕ ਪਾਉਣ ਨਾਲ ਪ੍ਰਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕਦਾ ਹੈ। ਇਕ ਅਧਿਐਨ ਵਿਚ ਮਾਹਰਾਂ ਨੇ ਦਸਿਆ ਕਿ ਇਸ ਤਰ੍ਹਾਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਬੀ. ਐੱਮ. ਜੇ. ਗਲੋਬਲ ਹੈਲਥ ਮੈਗਜ਼ੀਨ ਵਿਚ ਪ੍ਰਕਾਸ਼ਤ ਇਕ ਅਧਿਐਨ ਵਿਚ ਇਹ ਗੱਲ ਆਖੀ ਗਈ ਹੈ। ਇਹ ਅਧਿਐਨ ਚੀਨ ਦੇ ਪ੍ਰਵਾਰਾਂ 'ਤੇ ਕੀਤਾ ਗਿਆ।
ਇਸ ਵਿਚ ਦਸਿਆ ਗਿਆ ਹੈ ਕਿ ਪ੍ਰਵਾਰ ਵਿਚ ਵਾਇਰਸ ਦਾ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਘਰ ਵਿਚ ਮਾਸਕ ਪਾ ਕੇ ਰਖਣਾ ਕੋਰੋਨਾ ਦੀ ਰੋਕਥਾਮ ਲਈ 79 ਫ਼ੀ ਸਦੀ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਖੋਜਕਰਤਾਵਾਂ ਨੇ ਦਸਿਆ ਕਿ ਲੱਛਣ ਦਿਖਾਈ ਦੇਣ ਦੇ ਬਾਅਦ ਘਰ ਵਿਚ ਮਾਸਕ ਪਾਉਣ ਨਾਲ ਵਾਇਰਸ ਰੋਕਣ ਵਿਚ ਮਦਦ ਨਹੀਂ ਮਿਲਦੀ। ਖੋਜਕਰਤਾਵਾਂ ਦੇ ਦਲ ਵਿਚ ਬੀਜਿੰਗ ਰਿਸਰਚ ਸੈਂਟਰ ਫ਼ਾਰ ਪ੍ਰੀਵੈਂਟਿਵ ਮੈਡੀਸਨ ਦੇ ਅਧਿਐਨ ਕਰਤਾ ਵੀ ਸ਼ਾਮਲ ਹਨ। ਪ੍ਰਵਾਰਾਂ ਵਿਚ ਵਾਇਰਸ ਨੂੰ ਰੋਕਣ ਲਈ ਮਾਸਕ ਦੀ ਉਪਯੋਗਤਾ ਦਾ ਪਤਾ ਲਗਾਉਣ ਲਈ ਬੀਜਿੰਗ ਦੇ 124 ਪ੍ਰਵਾਰਾਂ ਦੇ 460 ਲੋਕਾਂ ਤੋਂ ਮਹਾਂਮਾਰੀ ਦੌਰਾਨ ਸਫ਼ਾਈ ਸਬੰਧੀ ਆਦਤਾਂ ਨਾਲ ਜੁੜੇ ਪ੍ਰਸ਼ਨ ਕੀਤੇ ਗਏ। ਅਧਿਐਨ 'ਚ ਦਸਿਆ ਗਿਆ ਹੈ ਕਿ ਕਿਟਾਣੂਨਾਸ਼ਕਾਂ ਦਾ ਰੋਜ਼ਾਨਾ ਇਸਤੇਮਾਲ ਕਰਨ, ਖਿੜਕੀਆਂ ਖੋਲ੍ਹੱਣ ਅਤੇ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ ਬਣਾਏ ਰਖਣ ਨਾਲ ਵਾਇਰਸ ਦੇ ਫੈਲਣ ਦਾ ਖ਼ਤਰਾ ਘੱਟ ਜਾਂਦਾ ਹੈ। (ਪੀਟੀਆਈ)
ਮੇਜ਼ 'ਤੇ ਇਕਠੇ ਬੈਠ ਕੇ ਖਾਣਾ ਖਾਣ ਅਤੇ ਟੀ.ਵੀ ਦੇਖਣ ਨਾਲ ਖ਼ਤਰਾ 18 ਗੁਣਾ ਵੱਧ ਜਾਂਦਾ ਹੈ
ਖੋਜਕਰਤਾਵਾਂ ਮੁਤਾਬਕ ਜੇ ਪ੍ਰਵਾਰ ਦਾ ਕੋਈ ਮੈਂਬਰ ਪ੍ਰਭਾਵਤ ਹੋਇਆ ਹੈ ਅਤੇ ਉਸ ਨੂੰ ਦਸਤ ਦੀ ਸ਼ਿਕਾਇਤ ਹੈ ਤਾਂ ਪ੍ਰਵਾਰ ਦੇ ਹੋਰ ਮੈਂਬਰਾਂ ਦੇ ਪ੍ਰਭਾਵਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸਦੇ ਇਲਾਵਾ ਇਕ ਮੇਜ਼ 'ਤੇ ਇਕੱਠੇ ਬੈਠ ਕੇ ਖਾਣਾ ਖਾਣ ਜਾਂ ਟੀ. ਵੀ. ਦੇਖਣ ਨਾਲ ਵੀ ਖ਼ਤਰਾ 18 ਗੁਣਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਘਰ 'ਚ ਸਫ਼ਾਈ ਲਈ ਬਲੀਚ ਜਾਂ ਕਿਟਾਣੂਨਾਸ਼ਕਾਂ ਦਾ ਨਿਯਮਤ ਪ੍ਰਯੋਗ ਕਰਨ ਅਤੇ ਮਾਸਕ ਪਾਉਣ ਨਾਲ ਵਾਇਰਸ ਦਾ ਖ਼ਤਰਾ ਘੱਟ ਜਾਂਦਾ ਹੈ। ਅਧਿਐਨ 'ਚ ਦਸਿਆ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੱਛਣ ਦਿਖਣ ਤੋਂ ਪਹਿਲਾਂ ਮਾਸਕ ਪਾਉਣਾ 79 ਫ਼ੀ ਸਦੀ ਅਤੇ ਕਿਟਾਣੂਨਾਸ਼ਕਾਂ ਦੀ ਵਰਤੋਂ 77 ਫ਼ੀ ਸਦੀ ਤਕ ਪ੍ਰਭਾਵੀ ਹੈ।