ਬ੍ਰਿਟਿਸ਼ PM ਨੇ 56 ਸਾਲ ਦੀ ਉਮਰ ਵਿਚ ਕਰਵਾਇਆ ਤੀਜਾ ਵਿਆਹ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਅਪਣੀ ਮੰਗੇਤਰ ਕੈਰੀ ਸਾਇਮੰਡਜ਼ ਨਾਲ ਇਕ ਗੁਪਤ ਸਮਾਰੋਹ ਵਿਚ ਵਿਆਹ ਕਰਵਾ ਲਿਆ ਹੈ।
ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਅਪਣੀ ਮੰਗੇਤਰ ਕੈਰੀ ਸਾਇਮੰਡਜ਼ ਨਾਲ ਇਕ ਗੁਪਤ ਸਮਾਰੋਹ ਵਿਚ ਵਿਆਹ ਕਰਵਾ ਲਿਆ ਹੈ। ਬ੍ਰਿਟਿਸ਼ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਨਿਊਜ਼ ਏਜੰਸੀ ਰਾਇਟਰਜ਼ ਨੇ ਦੱਸਿਆ ਕਿ ਵਿਆਹ ਸਮਾਰੋਹ ਵੈਸਟਮਿੰਸਟਰ ਚਰਚ ਵਿਚ ਹੋਇਆ। ਹਾਲਾਂਕਿ ਬੋਰਿਸ ਜਾਨਸਨ ਦੇ ਡਾਊਨਿੰਗ ਸਟ੍ਰੀਟ ਦੇ ਦਫ਼ਤਰ ਦੇ ਬੁਲਾਰੇ ਨੇ ਇਹਨਾਂ ਰਿਪੋਰਟਾਂ ’ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਬ੍ਰਿਟਿਸ਼ ਅਖ਼ਬਾਰ ਦ ਸਨ ਅਤੇ ਮੇਲ ਆਨ ਸੰਡੇ ਵਿਚ ਛਪੀਆਂ ਰਿਪੋਰਟਾਂ ਮੁਤਾਬਕ ਵਿਆਹ ਸਮਾਰੋਹ ਵਿਚ ਆਖਰੀ ਸਮੇਂ ਮਹਿਮਾਨਾਂ ਨੂੰ ਬੁਲਾਇਆ ਗਿਆ। ਵਿਆਹ ਦੀ ਜਾਣਕਾਰੀ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਵੀ ਨਹੀਂ ਦਿੱਤੀ ਗਈ। ਦੱਸ ਦਈਏ ਕਿ ਬੋਰਿਸ ਜਾਨਸਨ ਦਾ ਇਹ ਤੀਜਾ ਵਿਆਹ ਹੈ। ਕੋਰੋਨਾ ਦੇ ਚਲਦਿਆਂ ਵਿਆਹ ਵਿਚ 30 ਲੋਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਗਈ।
ਖ਼ਬਰਾਂ ਮੁਤਾਬਕ 2019 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਜਾਨਸਨ ਅਪਣੀ 33 ਸਾਲਾ ਮੰਗੇਤਰ ਕੈਰੀ ਸਾਇਮੰਡਜ਼ ਨਾਲ ਡਾਊਨਿੰਗ ਸਟ੍ਰੀਟ ਵਿਚ ਰਹਿ ਰਹੇ ਹਨ। ਪਿਛਲੇ ਸਾਲ ਦੀ ਸ਼ੁਰੂਆਤ ਵਿਚ ਹੀ ਉਹਨਾਂ ਨੇ ਆਪਣੇ ਅਤੇ ਕੈਰੀ ਦੇ ਰਿਸ਼ਤੇ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਦੇ ਬੇਟੇ ਦਾ ਜਨਮ 2020 ਵਿਚ ਹੋਇਆ ਸੀ।
ਜ਼ਿਕਰਯੋਗ ਹੈ ਕਿ ਬੋਰਿਸ ਜਾਨਸਨ ਦਾ ਦੋ ਵਾਰ ਤਲਾਕ ਹੋ ਚੁੱਕਾ ਹੈ। ਉਹਨਾਂ ਦਾ ਪਹਿਲਾ ਵਿਆਹ 1987 ਵਿਚ ਐਲੇਗ੍ਰੈ ਮਸਟਿਨ ਓਵੇਨ ਨਾਲ ਹੋਇਆ ਸੀ ਪਰ 1990 ਵਿਚ ਦੋਵੇਂ ਵੱਖ ਹੋ ਗਏ। ਇਸ ਤੋਂ ਬਾਅਦ ਉਹਨਾਂ ਨੇ ਅਪਣੇ ਬਚਪਨ ਦੀ ਦੋਸਤ ਅਤੇ ਵਕੀਲ ਮੇਰਿਨਾ ਵ੍ਹੀਲਰ ਨਾਲ ਵਿਆਹ ਕਰਵਾਇਆ। ਦੋਵਾਂ ਦੇ ਚਾਰ ਬੱਚੇ ਹਨ। ਸਤੰਬਰ 2018 ਵਿਚ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ।