ਟੀਪੂ ਸੁਲਤਾਨ ਦੀ ਦੁਰਲਭ ਬੰਦੂਕ ਬ੍ਰਿਟੇਨ ਤੋਂ ਬਾਹਰ ਭੇਜਣ ’ਤੇ ਰੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਬੰਦੂਕ 'ਤੇ ਇਸ ਦੇ ਨਿਰਮਾਤਾ ਅਸਦ ਖਾਨ ਮੁਹੰਮਦ ਦੇ ਦਸਤਖਤ ਹਨ।

photo

 

ਲੰਡਨ : ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਲਈ 18ਵੀਂ ਸਦੀ ਵਿੱਚ ਭਾਰਤ ਵਿੱਚ ਬਣੀ ਦੁਰਲੱਭ ਨੱਕਾਸ਼ੀ ਵਾਲੀ ਬੰਦੂਕ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਇਹ ਕਦਮ ਬ੍ਰਿਟੇਨ ਦੀ ਇਕ ਸੰਸਥਾ ਨੂੰ ਇਸ ਦੀ ਪ੍ਰਾਪਤੀ ਲਈ ਸਮਾਂ ਦੇਣ ਲਈ ਚੁਕਿਆ ਗਿਆ ਹੈ। ਇੰਸਟੀਚਿਊਟ ਇੰਡੋ-ਬ੍ਰਿਟਿਸ਼ ਇਤਿਹਾਸ ਦੇ 'ਤਣਾਅ ਕਾਲ' ਦਾ ਅਧਿਐਨ ਕਰ ਰਿਹਾ ਹੈ। ਇਸ ਬੰਦੂਕ ਦੀ ਕੀਮਤ 2 ਮਿਲੀਅਨ ਪੌਂਡ ਦੱਸੀ ਜਾ ਰਹੀ ਹੈ।

ਬ੍ਰਿਟੇਨ ਦੇ ਕਲਾ ਅਤੇ ਵਿਰਾਸਤ ਮੰਤਰੀ ਲਾਰਡ ਸਟੀਫਨ ਪਾਰਕਿੰਗਨ ਨੇ ਪਿਛਲੇ ਹਫਤੇ 'ਐਕਸਪੋਰਟ ਆਫ ਵਰਕਸ ਆਫ ਆਰਟ ਐਂਡ ਆਬਜੈਕਟਸ ਆਫ ਕਲਚਰਲ ਇੰਟਰੈਸਟ' ਰਿਵਿਊ ਕਮੇਟੀ (ਆਰਸੀਈਡਬਲਯੂਏ) ਦੇ ਸੁਝਾਅ 'ਤੇ 'ਫਲਿੰਟਲੌਕ ਸਪੋਰਟਿੰਗ ਗਨ' ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਸੀ। ਇਹ 14 ਬੋਰ ਦੀ ਬੰਦੂਕ 1793 ਤੋਂ 1794 ਤੱਕ ਦੀ ਹੈ ਅਤੇ ਪੰਛੀਆਂ ਦੇ ਸ਼ਿਕਾਰ ਲਈ ਬਣਾਈ ਗਈ ਸੀ। ਇਸ ਬੰਦੂਕ 'ਤੇ ਇਸ ਦੇ ਨਿਰਮਾਤਾ ਅਸਦ ਖਾਨ ਮੁਹੰਮਦ ਦੇ ਦਸਤਖਤ ਹਨ।

ਇਹ ਬ੍ਰਿਟਿਸ਼ ਬਸਤੀਵਾਦੀ ਬੰਦੂਕ 'ਅਰਲ ਕਾਰਨਵਾਲਿਸ' ਨੂੰ ਭੇਟ ਕੀਤੀ ਗਈ ਸੀ, ਜੋ ਕਿ 1790 ਅਤੇ 1792 ਦੇ ਵਿਚਕਾਰ ਟੀਪੂ ਸੁਲਤਾਨ ਨਾਲ ਲੜਿਆ ਗਿਆ ਸੀ। ਲਾਰਡ ਪਾਰਕਰਸਨ ਨੇ ਕਿਹਾ, 'ਇਹ ਹਥਿਆਰ ਆਪਣੇ ਆਪ 'ਚ ਵਿਲੱਖਣ ਹੈ ਅਤੇ ਬ੍ਰਿਟੇਨ ਅਤੇ ਭਾਰਤ ਵਿਚਾਲੇ ਮਹੱਤਵਪੂਰਨ ਇਤਿਹਾਸ ਦੀ ਉਦਾਹਰਨ ਵੀ ਹੈ।'

ਟੀਪੂ ਸੁਲਤਾਨ ਜਿਸ ਨੂੰ ਮੈਸੂਰ ਦੇ ਸ਼ੇਰ ਵਜੋਂ ਜਾਣਿਆ ਜਾਂਦਾ ਹੈ, ਐਂਗਲੋ-ਮੈਸੂਰ ਯੁੱਧ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਇਸਦੇ ਸਹਿਯੋਗੀਆਂ ਦਾ ਕੱਟੜ ਵਿਰੋਧੀ ਸੀ। ਟੀਪੂ ਸੁਲਤਾਨ ਦੀ ਮੌਤ 4 ਮਈ, 1799 ਨੂੰ ਸ਼੍ਰੀਰੰਗਪਟਨਾ ਦੇ ਆਪਣੇ ਗੜ੍ਹ ਦੀ ਰੱਖਿਆ ਕਰਦੇ ਹੋਏ ਹੋਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸ਼ਾਨਦਾਰ ਨਿੱਜੀ ਹਥਿਆਰ ਯੁੱਧ ਵਿਚ ਸ਼ਾਮਲ ਬ੍ਰਿਟਿਸ਼ ਫੌਜ ਦੇ ਤਤਕਾਲੀ ਉੱਚ ਅਧਿਕਾਰੀਆਂ ਨੂੰ ਸੌਂਪ ਦਿਤੇ ਗਏ ਸਨ।

ਹਾਲ ਹੀ ਵਿਚ ਉਨ੍ਹਾਂ ਦੀ ਬੈੱਡ ਚੈਂਬਰ ਤਲਵਾਰ ਲੰਡਨ ਦੇ ਬੋਨਹੈਮਸ ਨਿਲਾਮੀ ਘਰ ਵਿਚ ਰਿਕਾਰਡ £14 ਮਿਲੀਅਨ ਵਿਚ ਵੇਚੀ ਗਈ ਸੀ। ਕਮੇਟੀ ਮੈਂਬਰ ਕ੍ਰਿਸਟੋਫਰ ਰਵੇਲ ਨੇ ਕਿਹਾ ਕਿ ਇਹ ਬਹੁਤ ਸੁੰਦਰ ਹੋਣ ਦੇ ਨਾਲ-ਨਾਲ ਤਕਨੀਕੀ ਤੌਰ 'ਤੇ ਵੀ ਉੱਨਤ ਹੈ। ਬੰਦੂਕ ਲਈ ਬਰਾਮਦ ਲਾਇਸੈਂਸ ਦੀ ਅਰਜ਼ੀ 'ਤੇ ਫੈਸਲਾ 25 ਸਤੰਬਰ ਤੱਕ ਟਾਲ ਦਿਤਾ ਗਿਆ ਹੈ।