ਅਖ਼ਬਾਰ ਦੇ ਦਫ਼ਤਰ 'ਤੇ ਹਮਲਾ, ਪੰਜ ਪੱਤਰਕਾਰ ਹਲਾਕ, ਹਮਲਾਵਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੈਰੀਲੈਂਡ ਦੇ ਅਖ਼ਬਾਰ ਤੋਂ ਲੰਮੇ ਸਮੇਂ ਤੋਂ ਨਾਰਾਜ਼ ਅਮਰੀਕੀ ਹਮਲਾਵਰ ਨੇ ਬੰਦੂਕ ਅਤੇ ਸਮੋਕ ਗ੍ਰਨੇਡ ਨਾਲ ਅਖ਼ਬਾਰ ਦੇ ਦਫ਼ਤਰ 'ਤੇ ਹਮਲਾ ਕਰ ਦਿਤਾ ਜਿਸ ਵਿਚ...

Police at crime Scene

ਵਾਸ਼ਿੰਗਟਨ, ਮੈਰੀਲੈਂਡ ਦੇ ਅਖ਼ਬਾਰ ਤੋਂ ਲੰਮੇ ਸਮੇਂ ਤੋਂ ਨਾਰਾਜ਼ ਅਮਰੀਕੀ ਹਮਲਾਵਰ ਨੇ ਬੰਦੂਕ ਅਤੇ ਸਮੋਕ ਗ੍ਰਨੇਡ ਨਾਲ ਅਖ਼ਬਾਰ ਦੇ ਦਫ਼ਤਰ 'ਤੇ ਹਮਲਾ ਕਰ ਦਿਤਾ ਜਿਸ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹਮਲਾਵਰ ਦੀ ਪਛਾਣ 38 ਸਾਲਾ ਜੈਰਾਡ ਰਾਮੋਸ ਵਜੋਂ ਹੋਈ ਹੈ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਅਮਰੀਕੀ ਸ਼ਹਿਰ ਅਨਾਪੋਲਿਸ ਵਿਚ ਕੈਪੀਟਲ ਗਜ਼ਟ ਅਖ਼ਬਾਰ ਦੇ ਦਫ਼ਤਰ 'ਤੇ ਹੋਏ ਹਮਲੇ ਨੂੰ ਅਮਰੀਕਾ ਵਿਚ ਪਿਛਲੇ ਕੁੱਝ ਦਹਾਕਿਆਂ ਵਿਚ ਹੋਏ ਸੱਭ ਤੋਂ ਭਿਆਨਕ ਹਮਲਿਆਂ ਵਿਚੋਂ ਇਕ ਦਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਉਸ ਨੇ ਟੀਚਾ ਮਿੱਥ ਕੇ ਹਮਲਾ ਕੀਤਾ। ਮੈਰੀਲੈਂਡ ਦੀ ਰਾਜਧਾਨੀ ਅਨਾਪੋਲਿਸ ਵਿਚ ਪੱਤਰਕਾਰ ਸੰਮੇਲਨ ਦੌਰਾਨ ਪੁਲਿਸ ਅਧਿਕਾਰੀ ਬਿਲ ਕਰਾਫ਼ ਨੇ ਦਸਿਆ ਕਿ ਹਮਲੇ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਦੋ ਜਣੇ ਜ਼ਖ਼ਮੀ ਹਨ।

ਉਨ੍ਹਾਂ ਦਸਿਆ ਕਿ ਹਮਲਾਵਰ ਪੂਰੀ ਤਰ੍ਹਾਂ ਤਿਆਰ ਹੋ ਕੇ ਆਇਆ ਸੀ। ਉਹ ਲੋਕਾਂ ਨੂੰ ਮਾਰਨ ਦੀ ਤਿਆਰੀ ਨਾਲ ਆਇਆ ਸੀ। ਉਸ ਦਾ ਇਰਾਦਾ ਲੋਕਾਂ ਦਾ ਨੁਕਸਾਨ ਕਰਨਾ ਸੀ। ਮਾਰੇ ਗਏ ਵਿਅਕਤੀਆਂ ਵਿਚ ਅਖ਼ਬਾਰ ਦੇ ਸਹਾਇਕ ਸੰਪਾਦਕ ਰਾਬ ਹਿਆਸੇਨ, ਸੰਪਾਦਕੀ ਅਮਲੇ ਦੇ ਗੇਰਾਲਡ ਫ਼ਿਸ਼ਮੈਨ, ਸੰਪਾਦਕ ਅਤੇ ਪੱਤਰਕਾਰ ਜਾਨ ਮੈਕਨਮਾਰਾ, ਵਿਸ਼ੇਸ਼ ਪ੍ਰਕਾਸ਼ਨ ਸੰਪਾਦਕ ਵੇਂਡੀ ਵਿਟਰਜ਼ ਅਤੇ ਸੇਲਜ਼ ਸਹਾਇਕ ਰੇਬੇਕਾ ਸਮਿਥ ਹਨ। ਰਾਮੋਸ 2011 ਵਿਚ ਅਖ਼ਬਾਰ ਵਿਚ ਛਪੇ ਲੇਖ ਵਿਰੁਧ ਪਾਇਆ ਮਾਣਹਾਨੀ ਦਾ ਕੇਸ ਹਾਰ ਗਿਆ ਸੀ। ਉਸ ਦਾ ਕਹਿਣਾ ਸੀ ਕਿ ਇਸ ਲੇਖ ਨਾਲ ਉਸ ਦੇ ਅਕਸ ਨੂੰ ਵੱਟਾ ਲੱਗਾ ਹੈ।

ਕੈਪੀਟਲ ਗਜ਼ਟ ਦੇ ਸੰਪਾਦਕ ਜਿੰਮੀ ਡਿਬਟਸ ਨੇ ਕਿਹਾ ਕਿ ਇਸ ਘਟਨਾ ਕਾਰਨ ਉਹ ਬੇਹੱਦ ਉਦਾਸ ਹਨ। ਉਸ ਨੇ ਕਿਹਾ ਕਿ ਉਹ ਕੁੱਝ ਵੀ ਬੋਲਣ ਦੀ ਹਾਲਤ ਵਿਚ ਨਹੀਂ ਹੈ। ਉਨ੍ਹਾਂ ਕਿਹਾ, 'ਇਸ ਅਖ਼ਬਾਰ ਵਿਚ ਹਫ਼ਤੇ ਵਿਚ ਸਿਰਫ਼ 40 ਘੰਟੇ ਕੰਮ ਨਹੀਂ ਕਰਨਾ ਹੁੰਦਾ ਤੇ ਨਾ ਹੀ ਮੋਟੀ ਤਨਖ਼ਾਹ ਮਿਲਦੀ ਹੈ। ਮਾਰੇ ਗਏ ਪੱਤਰਕਾਰਾਂ ਨੂੰ ਸਾਡੇ ਸਮਾਜ ਦੀਆਂ ਕਹਾਣੀਆਂ ਦੱਸਣ ਦਾ ਜਨੂੰਨ ਹੁੰਦਾ ਸੀ।' 

ਗੋਲੀਬਾਰੀ ਦੀ ਇਹ ਘਟਨਾ ਵਰਜਨੀਆ ਦੀ 2015 ਦੀ ਉਸ ਘਟਨਾ ਦੀ ਯਾਦ ਦਿਵਾਉਂਦੀ ਹੈ ਜਿਸ ਵਿਚ ਸਥਾਨਕ ਟੈਲੀਵਿਜ਼ਨ 'ਤੇ ਸਿੱਧੇ ਪ੍ਰਸਾਰਣ ਦੌਰਾਨ ਦੋ ਪੱਤਰਕਾਰਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। (ਏਜੰਸੀ)